ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 3 ਜੁਲਾਈ
ਇਥੋਂ ਦੀ ਪੁਲੀਸ ਨੇ ਨਾਜਾਇਜ਼ ਪਿਸਤੌਲ ਸਣੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਥਾਣਾ ਸਦਰ ਵਿਚ ਤਾਇਨਾਤ ਸਹਾਇਕ ਥਾਣੇਦਾਰ ਕਰਮ ਸਿੰਘ ਨੇ ਦੱਸਿਆ ਕਿ ਕਾਰ ਸਵਾਰ ਤੋਂ ਦੇਸੀ ਪਿਸਤੌਲ, ਮੈਗਜ਼ੀਨ ਤੇ ਪੰਜ ਜ਼ਿੰਦਾ ਰੌਂਦ ਬਰਾਮਦ ਕੀਤੇ ਗਏ ਹਨ। ਮੁਲਜ਼ਮ ਦੀ ਪਛਾਣ ਨਰਿੰਦਰ ਸਿੰਘ ਵਾਸੀ ਖਾਈ ਫ਼ੇਮੇ ਕੀ ਵਜੋਂ ਹੋਈ ਹੈ। ਪੁਲੀਸ ਵੱਲੋਂ ਕੇਸ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸੇ ਦੌਰਾਨ ਇਥੋਂ ਦੇ ਡਾਕਘਰ ਵਿਚ ਨੌਕਰੀ ਦੁਆਉਣ ਦਾ ਝਾਂਸਾ ਦੇ ਕੇ 4 ਲੱਖ 64 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਸਿਟੀ ਪੁਲੀਸ ਨੇ ਫ਼ਰੀਦਕੋਟ ਦੀ ਡੋਗਰ ਬਸਤੀ ਦੇ ਰਹਿਣ ਵਾਲੇ ਵਿਕਾਸ ਸ਼ਰਮਾ ਅਤੇ ਸਿਵਲ ਹਸਪਤਾਲ ਦੇ ਕੁਆਰਟਰ ਵਿਚ ਰਹਿੰਦੇ ਬੰਟੀ ਸ਼ਰਮਾ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਇਹ ਕਾਰਵਾਈ ਇਥੋਂ ਦੀ ਗੋਲਡਨ ਐਨਕਲੇਵ ਦੀ ਰਹਿਣ ਵਾਲੀ ਜੋਤੀ ਧਵਨ ਦੇ ਬਿਆਨਾਂ ’ਤੇ ਕੀਤੀ ਗਈ ਹੈ।