ਜੁਪਿੰਦਰਜੀਤ ਸਿੰਘ
ਚੰਡੀਗੜ੍ਹ, 20 ਸਤੰਬਰ
ਪੰਜਾਬ ਦੇ ਖ਼ਣਨ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਜੀਲੈਂਸ ਬਿਊਰੋ ਨੂੰ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਖ਼ਿਲਾਫ਼ ਜਾਂਚ ਦੇ ਹੁਕਮ ਦਿੱਤੇ ਹਨ। ਸੀਨੀਅਰ ਕਾਂਗਰਸ ਆਗੂ ਖ਼ਿਲਾਫ਼ ਇਹ ਜਾਂਚ ਗੈਰਕਾਨੂੰਨੀ ਮਾਈਨਿੰਗ ’ਚ ਸ਼ਮੂਲੀਅਤ ਦੇ ਮਾਮਲੇ ਵਿਚ ਕੀਤੀ ਜਾਵੇਗੀ। ਮਾਈਨਿੰਗ ਵਿਭਾਗ ਦੇ ਸੀਨੀਅਰ ਅਧਿਕਾਰੀ ਤੇ ਈਡੀ ਮਾਈਨਿੰਗ ਦੇ ਮੈਂਬਰਾਂ ਦੀ ਸਾਂਝੀ ਕਮੇਟੀ ਇਸ ਮਾਮਲੇ ਵਿਚ ਨਾਲੋ-ਨਾਲ ਸਮਾਂਬੱਧ ਜਾਂਚ ਕਰੇਗੀ। ਬੈਂਸ ਨੇ ਜਾਂਚ ਦੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਸੀਬੀਆਈ ਨੇ ਪਿਛਲੇ ਸਾਲ ਜੁਲਾਈ ਵਿਚ ਪੰਜਾਬ ਦੇ ਮੁੱਖ ਸਕੱਤਰ ਨੂੰ ਸਪੀਕਰ ਖ਼ਿਲਾਫ਼ ਜਾਂਚ ਲਈ ਕਿਹਾ ਸੀ ਪਰ ਮਾਮਲੇ ਨੂੰ ਦਬਾ ਦਿੱਤਾ ਗਿਆ ਕਿਉਂਕਿ ਰਾਣਾ ਕੇਪੀ ਦੀ ਪਾਰਟੀ ਸੱਤਾ ਵਿਚ ਸੀ। ਮੰਤਰੀ ਨੇ ਕਿਹਾ ਕਿ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਰਾਣਾ ਹੇਠ ਕੰਮ ਕਰਦੇ ਵਿਅਕਤੀਆਂ ਨੇ ਪ੍ਰੋਟੈਕਸ਼ਨ ਮਨੀ ਵਜੋਂ ਰੋਪੜ ਤੇ ਆਨੰਦਪੁਰ ਸਾਹਿਬ ਖੇਤਰਾਂ ਵਿਚ ਚੱਲ ਰਹੇ ਕਰੱਸ਼ਰਾਂ ਤੋਂ ਕਥਿਤ ਤੌਰ ’ਤੇ ਲੱਖਾਂ ਰੁਪਏ ਇਕੱਠੇ ਕੀਤੇ ਹਨ। ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਆਪਣੇ ਬਿਆਨਾਂ ਵਿਚ ਇਨ੍ਹਾਂ ਦੇ ਨਾਵਾਂ ਦਾ ਖੁਲਾਸਾ ਕੀਤਾ ਹੈ। ਰਾਣਾ ਕੇਪੀ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਸਿਆਸੀ ਬਦਲਾਖੋਰੀ ਹੈ।