ਐਨਪੀ. ਧਵਨ
ਪਠਾਨਕੋਟ, 7 ਸਤੰਬਰ
ਹਿਮਾਚਲ ਪ੍ਰਦੇਸ਼ ਵੱਲੋਂ ਗ਼ੈਰਕਾਨੂੰਨੀ ਤੌਰ ’ਤੇ ਰੇਤਾ, ਬੱਜਰੀ ਲਿਆਉਂਦੇ ਟਿੱਪਰਾਂ, ਟਰੱਕਾਂ, ਟਰਾਲਿਆਂ ਦੀ ਚੈਕਿੰਗ ਲਈ ਜ਼ਿਲ੍ਹਾ ਪਠਾਨਕੋਟ ਦੇ ਡੀਸੀ ਹਰਬੀਰ ਸਿੰਘ ਦੀ ਅਗਵਾਈ ਹੇਠ ਟੀਮ ਨੇ ਸਾਂਝੀ ਮੁਹਿੰਮ ਤਹਿਤ ਮੰਗਲਵਾਰ ਅੱਧੀ ਰਾਤ ਨੂੰ ਕਾਰਵਾਈ ਕੀਤੀ। ਇਸ ਦੌਰਾਨ ਕਈ ਡਰਾਈਵਰਾਂ ਨੇ ਆਪਣੇ ਵਾਹਨ ਭਜਾ ਲਏ ਤੇ ਪਰਮਾਨੰਦ ਨੇੜੇ ਇੱਕ ਵਾਹਨ ਨੇ ਡਿਪਟੀ ਕਮਿਸ਼ਨਰ ਦੀ ਗੱਡੀ ਨੂੰ ਫੇਟ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਗੱਡੀ ਪਲਟਣ ਤੋਂ ਬੱਚ ਗਈ। ਫੇਟ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਟਰੱਕ ਦਾ ਡਰਾਈਵਰ ਮੌਕੇ ਤੋਂ ਫਰਾਰ ਪਰ ਟਰੱਕ ਜ਼ਬਤ ਕਰ ਲਿਆ ਗਿਆ ਹੈ। ਡੀਸੀ ਦੀ ਟੀਮ ਨੇ ਵਾਹਨਾਂ ਦਾ ਪਿੱਛਾ ਕਰਕੇ ਰੇਤਾ, ਬੱਜਰੀ ਦੇ ਕੁੱਲ 10 (ਟਰੱਕ, ਟਿੱਪਰ, ਟਰਾਲੇ) ਕਬਜ਼ੇ ਵਿੱਚ ਲਏ ਅਤੇ 9 ਡਰਾਈਵਰਾਂ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਕੋਈ ਵੀ ਦਸਤਾਵੇਜ਼ ਨਹੀਂ ਮਿਲਿਆ ਜਦਕਿ 60 ਦੇ ਕਰੀਬ ਟਰੱਕ, ਟਿੱਪਰ ਜਾਇਜ਼ ਪਾਏ ਗਏ। ਕਬਜ਼ੇ ਵਿੱਚ ਲਏ ਮਾਈਨਿੰਗ ਮਟੀਰੀਅਲ ਨਾਲ ਭਰੇ ਟਰੱਕ ਥਾਣਾ ਨੰਗਲਭੂਰ, ਥਾਣਾ ਡਵੀਜ਼ਨ ਨੰਬਰ 2 ਅਤੇ ਥਾਣਾ ਸਦਰ ਪਠਾਨਕੋਟ ਦੀ ਪੁਲੀਸ ਹਵਾਲੇ ਕੀਤੇ ਗਏ ਹਨ, ਜਿੱਥੇ ਪੁਲੀਸ ਵੱਲੋਂ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤੇ ਜਾ ਰਹੇ ਹਨ। ਟੀਮ ਵਿੱਚ ਐਕਸੀਅਨ ਕਮ ਜ਼ਿਲ੍ਹਾ ਮਾਈਨਿੰਗ ਅਫਸਰ ਦਵਿੰਦਰ ਸਿੰਘ, ਹੋਰ ਅਧਿਕਾਰੀ ਅਤੇ ਡੀਐੱਸਪੀ ਵੀ ਸ਼ਾਮਲ ਸਨ
ਡੀਸੀ ਹਰਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਹਿਮਾਚਲ ਪ੍ਰਦੇਸ਼ ਤਰਫੋਂ ਮਾਈਨਿੰਗ ਮਟੀਰੀਅਲ ਨਾਲ ਭਰੇ ਹੋਏ ਲੱਗਪਗ 100 ਟਰੱਕ, ਟਰਾਲੇ, ਟਿੱਪਰ ਤਿਆਰ ਖੜ੍ਹੇ ਹਨ ਜੋ ਕਿ ਰਾਤ ਵੇਲੇ ਪਠਾਨਕੋਟ ਦੀ ਹੱਦ ਅੰਦਰ ਦਾਖਲ ਹੋਣਗੇ। ਉਨ੍ਹਾਂ ਮੁਤਾਬਕ ਰਾਤ ਨੂੰ ਕਾਰਵਾਈ ਦੌਰਾਨ ਦੇਖਿਆ ਕਿ ਇਹ ਟਰੱਕ, ਟਰਾਲੇ 3 ਰੂਟਾਂ ਰਾਹੀਂ ਚੋਰ ਰਸਤਿਆਂ ਰਾਹੀਂ ਦਾਖਲ ਹੋਏ ਅਤੇ ਪਠਾਨਕੋਟ ਦੇ ਚੱਕੀ ਫਲਾਈਓਵਰ ਕੋਲ ਰਵੀਦਾਸ ਚੌਕ ਤੋਂ ਪੰਗੋਲੀ ਚੌਕ ਹੁੰਦੇ ਹੋਏ ਡਿਫੈਂਸ ਰੋਡ ਰਾਹੀਂ ਜੰਮੂ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਰਾਹੀਂ ਹੁੰਦੇ ਹੋਏ ਦੀਨਾਨਗਰ ਕੋਲੋਂ ਅੱਗੇ ਨਿਕਲ ਰਹੇ ਸਨ, ਇਹ ਸਭ ਚੋਰ ਰੂਟ ਹਨ। ਉਨ੍ਹਾਂ ਕਿਹਾ ਕਿ ਚੈਕਿੰਗ ਦੌਰਾਨ ਕਈਆਂ ਕੋਲ ਕੋਈ ਵੀ ਦਸਤਾਵੇਜ਼ ਨਹੀਂ ਮਿਲਿਆ ਅਤੇ ਕਈਆਂ ਕੋਲ 5 ਟਨ ਮਾਲ ਲੱਦੇ ਹੋਏ ਦੀਆਂ ਪਰਚੀਆਂ ਸਨ ਜਦ ਕਿ ਉਨ੍ਹਾਂ ਵਿੱਚ ਮਾਲ 20-25 ਟਨ ਲੱਦਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਬਾਰੇ ਉਹ ਪੂਰੀ ਰਿਪੋਰਟ ਬਣਾ ਕੇ ਪੰਜਾਬ ਸਰਕਾਰ ਨੂੰ ਭੇਜ ਰਹੇ ਹਨ। ਜ਼ਿਲ੍ਹਾ ਮਾਈਨਿੰਗ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਇਹ ਚੈਕਿੰਗ ਅਭਿਆਨ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਖੁਦ ਰੇਕੀ ਕੀਤੀ ਸੀ। ਦੂਜੇ ਪਾਸੇ ਥਾਣਾ ਡਵੀਜ਼ਨ ਨੰਬਰ 2 ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਮਾਈਨਿੰਗ ਮਟੀਰੀਅਲ ਨਾਲ ਲੱਦੇ ਇੱਕ ਟਿੱਪਰ ਅਤੇ 2 ਟਰੱਕਾਂ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ ਤੇ ਇਨ੍ਹਾਂ ਦੇ ਡਰਾਈਵਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਫੜੇ ਗਏ ਡਰਾਈਵਰਾਂ ਵਿੱਚ ਸਤਨਾਮ ਸਿੰਘ ਵਾਸੀ ਹਰਚੋਵਾਲ, ਜ਼ਿਲ੍ਹਾ ਗੁਰਦਾਸਪੁਰ, ਜੱਗਾ ਸਿੰਘ ਵਾਸੀ ਧਰਮਕੋਟ, ਜ਼ਿਲ੍ਹਾ ਮੋਗਾ ਅਤੇ ਹਰਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਜਲਾਲਾਬਾਦ ਈਸਟ ਜ਼ਿਲ੍ਹਾ ਮੋਗਾ ਸ਼ਾਮਲ ਹਨ।