ਪੱਤਰ ਪ੍ਰੇਰਕ
ਰੂਪਨਗਰ, 12 ਫਰਵਰੀ
ਆਮ ਆਦਮੀ ਪਾਰਟੀ ਦੇ ਕੌਮੀ ਆਗੂ ਰਾਘਵ ਚੱਢਾ ਨੇ ਅੱਜ ਰੂਪਨਗਰ ਸ਼ਹਿਰ ਵਿੱਚ ਹਲਕਾ ਤੋਂ ਉਮੀਦਵਾਰ ਦਿਨੇਸ਼ ਚੱਢਾ ਦੇ ਹੱਕ ਵਿੱਚ ਪੈਦਲ ਰੋਡ ਸ਼ੋਅ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਘਵ ਚੱਢਾ ਨੇ ਦੋਸ਼ ਲਾਇਆ ਕਿ ਈਡੀ ਦੇ ਛਾਪੇ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਦੇ ਘਰੋਂ ਕਰੋੜਾਂ ਰੁਪਏ ਦੀ ਨਕਦੀ ਬਰਾਮਦ ਹੋਣ ਦੇ ਬਾਵਜੂਦ ਸ੍ਰੀ ਚੰਨੀ ਆਪਣੇ-ਆਪ ਨੂੰ ਖੁਦ ਹੀ ਕਲੀਨ ਚਿੱਟ ਦੇ ਰਹੇ ਹਨ ਕਿ ਉਹ ਗੈਰਕਾਨੂੰਨੀ ਖਣਨ ਨਹੀਂ ਕਰਦੇ। ਸ੍ਰੀ ਚੱਢਾ ਨੇ ਕਿਹਾ ਕਿ ‘ਆਪ’ ਨੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਚੰਨੀ ਦੇ ਹਲਕੇ ਵਿੱਚ ਹੋ ਰਹੀ ਗੈਰਕਾਨੂੰਨੀ ਮਾਇਨਿੰਗ ਦੀ ਪੋਲ੍ਹ ਖੋਲ੍ਹੀ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਗੈਰਕਾਨੂੰਨੀ ਖਣਨ ਦੀ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।