ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 13 ਫਰਵਰੀ
ਵਿਧਾਨ ਸਭਾ ਚੋਣਾਂ ਦੌਰਾਨ ਨਾਜਾਇਜ਼ ਮਾਈਨਿੰਗ ਦਾ ਮੁੱਦਾ ਫਿਰ ਭਖ਼ਣ ਲੱਗਾ ਹੈ। ਜਗਰਾਉਂ ਨੇੜਲੇ ਹਲਕਾ ਦਾਖਾ ਦੇ ਬੇਟ ’ਚ ਪੈਂਦੇ ਦੋ ਪਿੰਡਾਂ ਕੋਟਮਾਨ ਅਤੇ ਗੋਰਸੀਆਂ ਦੇ ਲੋਕਾਂ ਵੱਲੋਂ ਧਰਨਾ ਦੇ ਕੇ 100 ਦੇ ਕਰੀਬ ਟਰੱਕ ਰੋਕ ਲਏ ਗਏ। ਪਿੰਡ ਵਾਸੀਆਂ ਅਤੇ ਧਰਨੇ ’ਚ ਪਹੁੰਚੇ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸਤਲੁਜ ਦਰਿਆ ਦੇ ਨੇੜਿਓਂ ਵੱਡੀ ਪੱਧਰ ’ਤੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਧਰਨੇ ਦੌਰਾਨ ਜਿੱਥੇ ਪੁਲੀਸ ਅਤੇ ਸਬੰਧਿਤ ਵਿਭਾਗ ’ਤੇ ਦੋਸ਼ ਲਾਉਂਦੇ ਸਮੇਂ ਇਕ ਉਮੀਦਵਾਰ ਦਾ ਨਾਂ ਵੀ ਬੋਲਿਆ, ਉੱਥੇ ਹੀ ਪੰਜਾਬ ਲੋਕ ਕਾਂਗਰਸ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਦਾਖਾ ਤੋਂ ਉਮੀਦਵਾਰ ਦਮਨਜੀਤ ਸਿੰਘ ਮੋਹੀ ਸਾਥੀਆਂ ਸਮੇਤ ਧਰਨੇ ’ਚ ਸ਼ਾਮਲ ਹੋਏ। ਮਾਈਨਿੰਗ ਅਫ਼ਸਰ ਹਰਜੋਤ ਸਿੰਘ ਵਾਲੀਆ ਨੇ ਦੋਸ਼ ਨਕਾਰਦਿਆਂ ਸਰਕਾਰ ਵੱਲੋਂ ਮਨਜ਼ੂਰ ਖੱਡ ’ਚੋਂ ਖਣਨ ਹੋਣ ਦੀ ਗੱਲ ਆਖੀ ਹੈ। ਜਾਣਕਾਰੀ ਅਨੁਸਾਰ ਕੋਟਮਾਨ ਅਤੇ ਗੋਰਸੀਆਂ ਦੇ ਲੋਕਾਂ ਨੇ ਨਾਜਾਇਜ਼ ਮਾਈਨਿੰਗ ਤੋਂ ਦੁਖੀ ਹੋ ਕੇ ਗੋਰਸੀਆਂ-ਕੋਟਮਾਨ ਸੜਕ ਦੇ ਵਿਚਕਾਰ ਧਰਨਾ ਲਗਾ ਦਿੱਤਾ। ਇਸ ਨਾਲ ਉਥੋਂ ਲੰਘਣ ਵਾਲੇ ਰੇਤੇ ਨਾਲ ਭਰੇ ਟਿੱਪਰਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਹਲਕੇ ਤੋਂ ਉਮੀਦਵਾਰ ਦਮਨਜੀਤ ਸਿੰਘ ਮੋਹੀ ਵੀ ਹਮਾਇਤ ਵਜੋਂ ਪਹੁੰਚੇ। ਉਨ੍ਹਾਂ ਪੁਲੀਸ ਅਧਿਕਾਰੀਆਂ ਨੂੰ ਵੀ ਖਰੀਆਂ-ਖਰੀਆਂ ਸੁਣਾਈਆਂ ਅਤੇ ਪਿੰਡ ਵਾਸੀਆਂ ਦੀ ਸ਼ਿਕਾਇਤ ਪੁਲੀਸ ਸਾਹਮਣੇ ਰੱਖੀ। ਧਰਨਾਕਾਰੀਆਂ ਨੇ ਟਿੱਪਰ ਚਾਲਕਾਂ ਨੂੰ ਭੱਜਣ ਦਾ ਮੌਕਾ ਦੇਣ ਦੇ ਵੀ ਦੋਸ਼ ਲਾਏ। ਧਰਨੇ ’ਚ ਜਮਹੂਰੀ ਕਿਸਾਨ ਮੋਰਚਾ ਦੇ ਆਗੂਆਂ ਦੀ ਮੌਕੇ ’ਤੇ ਮੌਜੂਦ ਡੀਐੱਸਪੀ ਦਲਜੀਤ ਸਿੰਘ ਅਤੇ ਥਾਣਾ ਇੰਚਾਰਜ ਜਤਿੰਦਰ ਸਿੰਘ ਨਾਲ ਬਹਿਸ ਵੀ ਹੋਈ।