ਬੇਅੰਤ ਸਿੰਘ ਸੰਧੂ
ਪੱਟੀ, 3 ਜੂਨ
ਇੱਥੇ ਹਥਾੜ ਇਲਾਕੇ ’ਚੋਂ ਲੰਘਦੇ ਸਤਲੁਜ ਦਰਿਆ ਉਪਰ ਬਣੇ ਪੁਲ ਤੋਂ ਕਰੀਬ ਸੱਤ ਸੌ ਮੀਟਰ ਦੂਰੀ ’ਤੇ ਪਿੰਡ ਕੋਟਬੁੱਢਾ ਦੀ ਜ਼ਮੀਨ ’ਚ ਪਿਛਲੇ ਇੱਕ ਹਫ਼ਤੇ ਤੋਂ ਰੇਤੇ ਦੀ ਨਾਜਾਇਜ਼ ਮਾਈਨਿੰਗ ਧੜੱਲੇ ਨਾਲ ਕੀਤੀ ਜਾ ਰਹੀ ਹੈ ਜਦਕਿ ਸੂਬਾ ਸਰਕਾਰ ਵੱਲੋਂ ਪੱਟੀ ਸਬ-ਡਿਵੀਜ਼ਨ ਦੇ ਇਸ ਇਲਾਕੇ ਅੰਦਰ ਰੇਤੇ ਦੀ ਮਾਈਨਿੰਗ ਲਈ ਕੋਈ ਖੱਡ ਨਿਰਧਾਰਤ ਨਹੀਂ ਕੀਤੀ ਗਈ। ਇਸ ਨਾਜਾਇਜ਼ ਮਾਈਨਿੰਗ ਬਾਰੇ ਇੰਡਸਟਰੀ ਤੇ ਮਾਈਨਿੰਗ ਵਿਭਾਗ ਚੁੱਪ ਧਾਰੀ ਬੈਠਾ ਹੈ। ਪੁਲ ਦੇ ਨਜ਼ਦੀਕ ਕੀਤੀ ਜਾ ਰਹੀ ਮਾਈਨਿੰਗ ਹੜ੍ਹਾਂ ਦੌਰਾਨ ਪੁਲ ਦੀ ਸੁਰੱਖਿਆ ਲਈ ਖਤਰਾ ਪੈਦਾ ਕਰ ਸਕਦੀ ਹੈ ਪਰ ਜ਼ਿਲ੍ਹੇ ਦਾ ਡਰੇਨਜ਼ ਵਿਭਾਗ ਪੁਲ ਨਜ਼ਦੀਕ ਰੇਤੇ ਦੀ ਖੁਦਾਈ ਬਾਰੇ ਚੁੱਪ ਹੈ। ਠੇਕੇਦਾਰ ਵੱਲੋਂ ਮਾਈਨਿੰਗ ਦੀ ਤੁਲਾਈ ਲਈ ਪੁਲ ਦੇ ਨੇੜੇ ਕੰਡਾ ਵੀ ਲਗਾਇਆ ਗਿਆ ਹੈ ਤੇ ਮਾਈਨਿੰਗ ਠੇਕੇਦਾਰਾਂ ਵੱਲੋਂ ਵਾਹਨਾਂ ਨੂੰ ਛੁਪਾ ਕੇ ਰੱਖਣ ਲਈ ਪੁਲ ਹੇਠ ਖੜ੍ਹਾ ਕੀਤਾ ਜਾ ਰਿਹਾ ਹੈ।
ਪੁਲ ਦੇ ਨਜ਼ਦੀਕ ਕੀਤੀ ਜਾ ਰਹੀ ਮਾਈਨਿੰਗ ਵਾਲੀ ਜ਼ਮੀਨ ਫ਼ਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਇੱਕ ਵਿਅਕਤੀ ਦੀ ਦੱਸੀ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਕੁਝ ਸਥਾਨਕ ਲੋਕ ਵੀ ਰੇਤੇ ਦੇ ਇਸ ਨਾਜਾਇਜ਼ ਕਾਰੋਬਾਰ ਵਿੱਚ ਸ਼ਾਮਲ ਦੱਸੇ ਜਾ ਰਹੇ ਹਨ।
ਪੱਟੀ ਸਬ-ਡਿਵੀਜ਼ਨ ’ਚ ਨਹੀਂ ਹੈ ਕੋਈ ਨਿਰਧਾਰਤ ਖੱਡ: ਐੱਸਡੀਐੱਮ
ਐੱਸਡੀਐੱਮ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਸਬ-ਡਿਵੀਜ਼ਨ ਪੱਟੀ ਅੰਦਰ ਰੇਤੇ ਦੀ ਮਾਈਨਿੰਗ ਲਈ ਕੋਈ ਖੱਡ ਨਿਰਧਾਰਤ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਮਾਈਨਿੰਗ ਵਾਲੀ ਜਗ੍ਹਾ ’ਤੇ ਸਬੰਧਤ ਅਫ਼ਸਰਾਂ ਨੂੰ ਭੇਜ ਰਹੇ ਹਨ ਤੇ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।