ਸੰਜੀਵ ਬੱਬੀ
ਚਮਕੌਰ ਸਾਹਿਬ, 4 ਮਈ
ਕਸਬਾ ਬੇਲਾ ਨਜ਼ਦੀਕ ਪੈਂਦੇ ਦਰਿਆ ਸਤਲੁਜ ਵਿੱਚੋਂ ਸਿੱਲਟ ਕੱਢਣ ਦੇ ਨਾਮ ’ਤੇ ਰੇਤੇ ਦੀ ਨਾਜਾਇਜ਼ ਮਾਈਨਿੰਗ ਜ਼ੋਰਾਂ ਨਾਲ ਚੱਲ ਰਹੀ ਹੈ। ਇਸ ਸਬੰਧੀ ਪਿਛਲੇ ਦਿਨਾਂ ਦੌਰਾਨ ਇਲਾਕੇ ਦੇ ਲੋਕਾਂ ਵੱਲੋਂ ਸੜਕਾਂ ’ਤੇ ਧਰਨਾ ਦੇ ਕੇ ਰੇਤੇ ਨਾਲ ਭਰੇ ਓਵਰਲੋਡ ਟਿੱਪਰਾਂ ਨੂੰ ਰੋਕ ਕੇ ਆਵਾਜਾਈ ਵੀ ਬੰਦ ਕੀਤੀ ਗਈ ਸੀ, ਜਿਸ ’ਤੇ ਉਸ ਸਮੇਂ ਦੌਰਾਨ ਕੁਝ ਘੰਟਿਆਂ ਲਈ ਮਾਈਨਿੰਗ ਬੰਦ ਕਰ ਦਿੱਤੀ ਗਈ ਸੀ ਪਰ ਫੇਰ ਉਹੀ ਹਾਲ ਹੈ। ਇਹ ਰੇਤੇ ਦੇ ਓਵਰਲੋਡ ਟਿੱਪਰ ਕਸਬਾ ਬੇਲਾ ਵਿੱਚੋਂ ਸੂਏ ਦੇ ਕੱਚੇ ਰਸਤੇ ਹੋ ਕੇ ਦਰਿਆ ਸਤਲੁਜ ਵਿੱਚੋਂ ਆਉਂਦੇ, ਜਾਂਦੇ ਰਹਿੰਦੇ ਹਨ। ਜੇ ਦਰਿਆ ਸਤਲੁਜ ਵਿੱਚੋਂ ਨਾਜਾਇਜ਼ ਮਾਈਨਿੰਗ ਦਾ ਵਰਤਾਰਾ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਬਰਸਾਤ ਦੇ ਦਿਨਾਂ ਦੌਰਾਨ ਦਰਿਆ ਵਿੱਚ ਵਾਧੂ ਪਾਣੀ ਛੱਡਣ ਕਾਰਨ ਦਰਿਆ ਨੇੜਲੀਆਂ ਕੀਮਤੀ ਜ਼ਮੀਨਾਂ ਦਾ ਵੱਡੇ ਪੱਧਰ ਤੇ ਹੜ੍ਹਾਂ ਦੀ ਮਾਰ ਹੇਠ ਆਉਣਾ ਤੈਅ ਹੈ। ਜ਼ਿਲ੍ਹਾ ਮਾਈਨਿੰਗ ਅਫਸਰ ਸੁਖਵਿੰਦਰ ਸਿੰਘ ਕਲਸੀ ਨੇ ਦੱਸਿਆ ਕਿ ਦਰਿਆ ਸਤਲੁਜ ਵਿੱਚ ਕੋਈ ਵੀ ਨਾਜਾਇਜ਼ ਰੇਤੇ ਦੀ ਮਾਈਨਿੰਗ ਨਹੀਂ ਹੁੰਦੀ ਸਗੋਂ ਸਰਕਾਰੀ ਹਦਾਇਤਾਂ ਅਨੁਸਾਰ ਡੰਪ ਕੀਤੀ ਗਈ ਸਿੱਲਟ ਤੇ ਰੇਤਾ ਹੀ ਕੱਢਿਆ ਜਾ ਰਿਹਾ ਹੈ।