ਬਲਵਿੰਦਰ ਰੈਤ
ਨੂਰਪੁਰ ਬੇਦੀ, 11 ਫਰਵਰੀ
ਨੂਰਪੁਰ ਬੇਦੀ ਖੇਤਰ ’ਚੋਂ ਲੰਘਦੀ ਸੁਆਂ ਨਦੀ ਤੇ ਸਤਲੁਜ ਦਰਿਆ ਵਿੱਚ ਹੁੰਦੇ ਨਾਜਾਇਜ਼ ਖਣਨ ਨੇ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ। ਮਾਈਨਿੰਗ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਇਹ ਵਰਤਾਰਾ 25-30 ਸਾਲਾ ਤੋਂ ਲਗਾਤਾਰ ਜਾਰੀ ਹੈ। ਜਦੋਂ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਆਉਂਦਾ ਹੈ ਤਾਂ ਸਿਆਸੀ ਦਬਾਅ ਕਾਰਨ ਮਾਮਲਾ ਠੰਢਾ ਕਰ ਦਿੱਤਾ ਜਾਂਦਾ ਹੈ ਤੇ ਖਣਨ ਮਾਫੀਆ ਮੁੜ ਸਰਗਰਮ ਹੋ ਜਾਂਦਾ ਹੈ। ਨਾਜਾਇਜ਼ ਖਣਨ ਕਾਰਨ ਬੀਜੀ ਗਈ ਫ਼ਸਲ ਲਈ ਟਿਊਬਵੈੱਲਾਂ ’ਚ ਪਾਣੀ ਨਹੀਂ ਚੜ੍ਹਦਾ। ਕਿਸਾਨ ਡੂੰਘੇ ਬੋਰ ਕਰਵਾਉਣ ਅਤੇ ਕਰਜ਼ੇ ਦੀ ਮਾਰ ਝੱਲਣ ਲਈ ਮਜਬੂਰ ਹਨ। ਖੇਤਾਂ ਵਿੱਚ ਲਗਾਏ ਗਏ ਪਾਪੂਲਰ ਤੇ ਹੋਰ ਦਰੱਖਤ ਵੀ ਸੁੱਕਣੇ ਸ਼ੁਰੂ ਹੋ ਗਏ ਹਨ। ਦੱਸਣਯੋਗ ਹਨ ਕਿ ਹਿਮਾਚਲ ਪ੍ਰਦੇਸ਼ ਦੇ ਊਨਾ ਤੇ ਸੰਤੋਖਗੜ੍ਹ ਸ਼ਹਿਰ ਵੱਲੋਂ ਆ ਰਹੀ ਸੁਆਂ ਨਦੀ ਦੇ ਕੰਢੇ ’ਤੇ ਨਾਜਾਇਜ਼ ਤੌਰ ’ਤੇ ਲਗਪਗ 150 ਸਟੋਨ ਕਰੱਸ਼ਰ ਲੱਗੇ ਹੋਏ ਹਨ, ਜੋ ਨਦੀ ਵਿੱਚ 80 ਤੋਂ 100 ਫੁਟ ਡੂੰਘੇ ਖੱਡ ਪਾ ਰਹੇ ਹਨ। ਪਿੰਡ ਭੰਗਲ, ਖੇੜਾ ਕਲਮੋਟ, ਸਪਾਲਮਾਂ, ਐਲਗਰਾਂ, ਸੁਆੜਾ, ਸੈਂਸੋਵਾਲ, ਭਲਾਣ, ਭੱਲੜੀ, ਸੈਦਪੁਰ, ਬੇਈਹਾਰਾ, ਸੰਗਤਪੁਰ, ਠਾਣਾ, ਮੋਠਾਪੁਰ, ਗੋਬਿੰਦਪੁਰ ਬੇਲਾ ਆਦਿ ਵਿੱਚ ਗ਼ੈਰਕਾਨੂੰਨੀ ਤੌਰ ’ਤੇ ਲੱਗੇ ਸੈਂਕੜੇ ਸਟੋਨ ਕਰੱਸ਼ਰ ਖਣਨ ਕਰ ਰਹੇ ਹਨ। ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਪਿੰਡ ਸੰਗਤਪੁਰ ਵਿਚ ਨੇੜਲੇ ਪਿੰਡਾਂ ਦੇ ਲੋਕਾਂ ਨੇ ਇੱਕ ਸਾਂਝੀ ਕਮੇਟੀ ਬਣਾਈ ਸੀ, ਪਰ ਕਮੇਟੀ ਵੱਲੋਂ ਸੰਘਰਸ਼ ਉਲੀਕਣ ਦਾ ਐਲਾਨ ਵੀ ਸਿਰਫ਼ ਐਲਾਨ ਹੀ ਰਹਿ ਗਿਆ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਹੋਣ ਵਾਲੇ ਨਾਜਾਇਜ਼ ਖਣਨ ’ਤੇ ਪਹਿਲ ਦੇ ਆਧਾਰ ’ਤੇ ਰੋਕ ਲਗਾਈ ਜਾਵੇ ਅਤੇ ਨਾਜਾਇਜ਼ ਖਣਨ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਹੀ ਕੀਤੀ ਜਾਵੇ।
ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਕਾਰਵਾਈ ਦਾ ਭਰੋਸਾ ਦਿੱਤਾ
ਮਾਈਨਿੰਗ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਜਦੋਂ ਖਣਨ ਮਾਫੀਏ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਮੇਂ ਸਮੇਂ ’ਤੇ ਨਾਜਾਇਜ਼ ਖਣਨ ਕਰਨ ਵਾਲਿਆਂ ਵਿਰੁੱਧ ਪੁਲੀਸ ਕੋਲ ਮਾਮਲੇ ਦਰਜ ਕਰਵਾਏ ਜਾਂਦੇ ਹਨ। ਜੇਕਰ ਹੁਣ ਵੀ ਉਨ੍ਹਾਂ ਦੇ ਧਿਆਨ ਵਿੱਚ ਅਜਿਹਾ ਮਾਮਲਾ ਆਇਆ ਤਾਂ ਉਨ੍ਹਾਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਦੋਂ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫੋਨ ਰਸੀਵ ਨਹੀਂ ਕੀਤਾ।