ਐੱਨ.ਪੀ. ਧਵਨ
ਪਠਾਨਕੋਟ, 17 ਜੂਨ
ਵਿਧਾਨ ਸਭਾ ਹਲਕਾ ਭੋਆ ਦੇ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਨੂੰ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਅੱਜ ਸ਼ਾਮ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਗ੍ਰਿਫਤਾਰੀ ਇਸ ਮਹੀਨੇ 8 ਤਰੀਕ ਨੂੰ ਥਾਣਾ ਤਾਰਾਗੜ੍ਹ ਦੇ ਪਿੰਡ ਮੈਰਾ ਕਲਾਂ ਵਿੱਚ ਲੱਗੇ ਕ੍ਰਿਸ਼ਨਾ ਸਟੋਨ ਕਰੱਸ਼ਰ ਵੱਲੋਂ ਕਰਵਾਈ ਗਈ ਕਥਿਤ ਨਾਜਾਇਜ਼ ਮਾਈਨਿੰਗ ਦੇ ਸਬੰਧ ਵਿੱਚ ਕੀਤੀ ਗਈ ਹੈ। ਇਹ ਕਰੱਸ਼ਰ ਉਨ੍ਹਾਂ ਦੀ ਪਤਨੀ ਕ੍ਰਿਸ਼ਨਾ ਦੇ ਨਾਂ ’ਤੇ ਹੈ ਪਰ ਉਕਤ ਕਰੱਸ਼ਰ ਵਿੱਚ ਜੋਗਿੰਦਰ ਪਾਲ ਦੀ 50 ਫ਼ੀਸਦ ਹਿੱਸੇਦਾਰੀ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 8 ਤਰੀਕ ਨੂੰ ਥਾਣਾ ਤਾਰਾਗੜ੍ਹ ਦੀ ਪੁਲੀਸ ਅਤੇ ਮਾਈਨਿੰਗ ਵਿਭਾਗ ਨੇ ਛਾਪਾ ਮਾਰ ਕੇ ਨਾਜਾਇਜ਼ ਮਾਈਨਿੰਗ ਕਰ ਰਹੀ ਮਸ਼ੀਨਰੀ ਨੂੰ ਮੌਕੇ ’ਤੇ ਕਬਜ਼ੇ ਵਿੱਚ ਲੈ ਲਿਆ ਸੀ। ਕਬਜ਼ੇ ਵਿੱਚ ਲਈ ਗਈ ਮਸ਼ੀਨਰੀ ਵਿੱਚ ਇੱਕ ਪੋਕਲੇਨ ਮਸ਼ੀਨ, ਇੱਕ ਟਰਾਲਾ ਅਤੇ ਇੱਕ ਟਰੈਕਟਰ-ਟਰਾਲੀ ਸ਼ਾਮਲ ਸਨ। ਉਸ ਮੌਕੇ ਪੋਕਲੇਨ ਮਸ਼ੀਨ ਦਾ ਅਪਰੇਟਰ ਸੁਨੀਲ ਕੁਮਾਰ ਵਾਸੀ ਮੈਰਾ ਕਲਾਂ ਅਤੇ ਕ੍ਰਿਸ਼ਨਾ ਸਟੋਨ ਕਰੱਸ਼ਰ ਦਾ ਨੁਮਾਇੰਦਾ ਪ੍ਰਕਾਸ਼ ਫ਼ਰਾਰ ਹੋ ਗਏ ਸਨ। ਪੁਲੀਸ ਨੇ ਮਾਈਨਿੰਗ ਅਧਿਕਾਰੀ ਵਿਸ਼ਾਲ ਅੱਤਰੀ ਦੀ ਸ਼ਿਕਾਇਤ ’ਤੇ ਉਨ੍ਹਾਂ ਦੋਹਾਂ ਵਿਅਕਤੀਆਂ ਅਤੇ ਕ੍ਰਿਸ਼ਨਾ ਸਟੋਨ ਕਰੱਸ਼ਰ ਖ਼ਿਲਾਫ਼ 21 (1) ਮਾਈਨਿੰਗ ਐਂਡ ਮਿਨਰਲ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਐਕਟ ਤਹਿਤ ਕੇਸ ਦਰਜ ਕੀਤਾ ਸੀ। ਇੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਸੈਣੀ ਵੱਲੋਂ ਨਾਜਾਇਜ਼ ਮਾਈਨਿੰਗ ਕਰਦੇ ਵੇਲੇ ਦੀ ਇੱਕ ਵੀਡੀਓ ਅਧਿਕਾਰੀਆਂ ਨੂੰ ਭੇਜੀ ਗਈ ਸੀ, ਜਿਸ ’ਤੇ ਮਾਈਨਿੰਗ ਵਿਭਾਗ ਤੇ ਪੁਲੀਸ ਹਰਕਤ ਵਿੱਚ ਆਈ ਅਤੇ ਉਨ੍ਹਾਂ ਨੇ ਮੌਕੇ ’ਤੇ ਛਾਪਾ ਮਾਰਿਆ ਸੀ। ਜ਼ਿਕਰਯੋਗ ਹੈ ਕਿ ਭੋਆ ਹਲਕੇ ਵਿੱਚ ਨਾਜਾਇਜ਼ ਮਾਈਨਿੰਗ ਦਾ ਮਾਮਲਾ ਪਿਛਲੇ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਅਗਾਊਂ ਜ਼ਮਾਨਤ ਸਬੰਧੀ ਕੇਸ ਦੀ ਸੁਣਵਾਈ ਅੱਜ
ਪਠਾਨਕੋਟ: ਜ਼ਿਲ੍ਹਾ ਪੁਲੀਸ ਮੁਖੀ ਅਰੁਣ ਸੈਣੀ ਨੇ ਨਾਜਾਇਜ਼ ਮਾਈਨਿੰਗ ਮਾਮਲੇ ਵਿੱਚ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਜਦੋਂ ਅੱਜ ਥਾਣੇ ਲਿਜਾਇਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ’ਤੇ ਗਲਤ ਕੇਸ ਪਾਇਆ ਗਿਆ ਹੈ ਪਰ ਉਨ੍ਹਾਂ ਨੂੰ ਅਦਾਲਤ ’ਤੇ ਭਰੋਸਾ ਹੈ ਤੇ ਉਨ੍ਹਾਂ ਨੂੰ ਇਨਸਾਫ਼ ਜ਼ਰੂਰ ਮਿਲੇਗਾ। ਇੱਥੇ ਇੱਕ ਤੱਥ ਇਹ ਵੀ ਸਾਹਮਣੇ ਆਇਆ ਹੈ ਕਿ ਜਦੋਂ 8 ਤਰੀਕ ਨੂੰ ਐੱਫਆਈਆਰ ਦਰਜ ਹੋਈ ਸੀ ਤਾਂ ਸਾਬਕਾ ਵਿਧਾਇਕ ਜੋਗਿੰਦਰ ਪਾਲ ਅਤੇ ਉਨ੍ਹਾਂ ਦੀ ਪਤਨੀ ਨੇ ਵਧੀਕ ਸੈਸ਼ਨ ਜੱਜ ਪਠਾਨਕੋਟ ਦੀ ਅਦਾਲਤ ’ਚ ਅਗਾਊਂ ਜ਼ਮਾਨਤ ਲਈ ਅਰਜ਼ੀ ਲਗਾਈ ਸੀ, ਜਿਸ ’ਤੇ ਉਨ੍ਹਾਂ ਨੂੰ ਤੁਰੰਤ ਰਾਹਤ ਨਹੀਂ ਮਿਲੀ ਸੀ। ਇਸ ਮਾਮਲੇ ਵਿੱਚ ਜੋਗਿੰਦਰ ਪਾਲ ਬਨਾਮ ਪੰਜਾਬ ਦੇ ਕੇਸ ਦੀ ਸੁਣਵਾਈ 16 ਜੂਨ ਨੂੰ ਹੋਈ ਤਾਂ ਸਰਕਾਰੀ ਵਕੀਲ ਨੇ ਬੇਨਤੀ ਕੀਤੀ ਕਿ ਵੀਆਈਪੀ ਡਿਊਟੀ ਕਾਰਨ ਰਿਕਾਰਡ ਪੇਸ਼ ਨਹੀਂ ਕੀਤਾ ਜਾ ਸਕਿਆ ਅਤੇ ਥਾਣੇ ਤੋਂ ਵੀ ਇਸ ਸਬੰਧੀ ਸੁਣਵਾਈ ਮੁਲਤਵੀ ਕਰਨ ਦੀ ਲਿਖਤੀ ਬੇਨਤੀ ਪ੍ਰਾਪਤ ਹੋਈ ਸੀ, ਜਿਸ ਕਾਰਨ ਅਦਾਲਤ ਨੇ ਇਸ ਸਬੰਧੀ ਸੁਣਵਾਈ ਦੀ ਤਰੀਕ 18 ਜੂਨ ਪਾ ਦਿੱਤੀ ਸੀ ਪਰ ਅੱਜ ਪੁਲੀਸ ਨੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਗ੍ਰਿਫ਼ਤਾਰ ਕਰ ਕੇ ਸਾਰਾ ਮਾਮਲਾ ਹੀ ਪਲਟ ਦਿੱਤਾ। ਇਸ ਤਰ੍ਹਾਂ ਹੁਣ ਜੋਗਿੰਦਰ ਪਾਲ ਦੇ ਕੇਸ ਵਿੱਚ ਅਗਾਊਂ ਜ਼ਮਾਨਤ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ ਪਰ ਉਸ ਦੀ ਪਤਨੀ ਦੀ ਅਗਾਊਂ ਜ਼ਮਾਨਤ ਸਬੰਧੀ ਕੇਸ ਦੀ ਸੁਣਵਾਈ ਭਲਕੇ ਹੋ ਸਕਦੀ ਹੈ।