ਬਲਵਿੰਦਰ ਰੈਤ
ਨੂਰਪੁਰ ਬੇਦੀ, 6 ਸਤੰਬਰ
ਸੁਆਂ ਨਦੀ ਵਿੱਚ ਮਾਫੀਏ ਵੱਲੋਂ ਨਾਜਾਇਜ਼ ਖਣਨ ਜ਼ੋਰਾਂ ’ਤੇ ਹੈ। ਇਹ ਕੰਮ ਚਾਨਣੀਆਂ ਰਾਤਾਂ ਨੂੰ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਰੂਪਨਗਰ ਦੇ ਡਿਪਟੀ ਕਮਿਸ਼ਨਰ ਵੱਲੋਂ ਬਰਸਾਤ ਦੇ ਮੌਸਮ ਦੌਰਾਨ ਪਹਿਲੀ ਅਗਸਤ ਤੋਂ 31 ਸਤੰਬਰ ਤੱਕ ਸੁਆਂ ਨਦੀ ਵਿੱਚ ਖਣਨ ਕਰਨ ’ਤੇ ਮੁਕੰਮਲ ਪਾਬੰਦੀ ਲਗਾਈ ਹੋਈ ਹੈ।
ਪਹਿਲਾਂ ਐਲਗਰਾਂ, ਪਲਾਟਾ, ਭਲਾਣ, ਖੇੜਾ ਕਲਮੋਟ ਵਿਚ ਇਹ ਕੰਮ ਦਿਨ ਵੇਲੇ ਕੀਤਾ ਜਾਂਦਾ ਸੀ, ਪਰ ਪ੍ਰਸ਼ਾਸਨ ਵੱਲੋਂ ਦਿਨ ਵੇਲੇ ਸਖ਼ਤੀ ਵਧਾਊਣ ਕਰਕੇ ਹੁਣ ਰਾਤ 11 ਵਜੇ ਤੋਂ ਸਵੇਰੇ 4 ਵਜੇ ਤੱਕ ਨਾਜਾਇਜ਼ ਖਣਨ ਕੀਤਾ ਜਾ ਰਿਹਾ ਹੈ। ਇਲਾਕਾ ਵਾਸੀਆਂ ਨੇ ਕਈ ਵਾਰ ਇਸ ਸਬੰਧੀ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਹੈ, ਪਰ ਕੋਈ ਕਾਰਵਾਈ ਨਹੀਂ ਹੁੰਦੀ। ਇਹ ਕੰਮ ਸੁਆਂ ਨਦੀ ਵਿੱਚ ਪਿਛਲੇ 35 ਸਾਲਾਂ ਤੋਂ ਹੋ ਰਿਹਾ ਹੈ। ਮੀਡੀਆ ਵੱਲੋਂ ਖਬਰਾਂ ਪ੍ਰਕਾਸ਼ਿਤ ਹੋਣ ਮਗਰੋਂ ਹੁਣ ਪ੍ਰਸ਼ਾਸਨ ਹਰਕਤ ਵਿੱਚ ਆਇਆ ਹੈ ਤੇ ਉਨ੍ਹਾਂ ਪੁਲੀਸ ਨੂੰ ਨਾਜਾਇਜ਼ ਖਣਨ ਕਰਨ ਵਾਲਿਆਂ ਵਿਰੁੱਧ ਸਖ਼ਤੀ ਕਰਨ ਦੇ ਹੁਕਮ ਦਿੱਤੇ ਹਨ। ਨੂਰਪੁਰ ਬੇਦੀ ਪੁਲੀਸ ਨੇ ਆਪਣੇ ਖੇਤਰ ਵਿੱਚ ਪੈਂਦੀ ਸੁਆਂ ਨਦੀ ’ਚ ਨਾਜਾਇਜ਼ ਖਣਨ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸਿਆ ਹੈ। ਥਾਣਾ ਮੁਖੀ ਜਤਿਨ ਕਪੂਰ ਨੇ ਕਿਹਾ ਕਿ ਖਣਨ ਮਾਫੀਏ ਨੂੰ ਨੱਥ ਪਾਉਣ ਲਈ ਡਰੋਨ ਦੀ ਸਹਾਇਤਾ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐਲਗਰਾਂ, ਸੈਦਪੁਰ ਵਿੱਚ ਉਨ੍ਹਾਂ ਵੱਲੋਂ ਸਵੇਰੇ ਅਤੇ ਸ਼ਾਮ ਨੂੰ ਡਰੋਨ ਰਾਹੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਦਿਆਂ ਉਨ੍ਹਾਂ ਦੀ ਪੋਕਲੇਨ ਮਸ਼ੀਨ ਨੂੰ ਜ਼ਬਤ ਕਰ ਕੇ ਪਰਚਾ ਵੀ ਦਰਜ ਕੀਤਾ ਹੈ। ਸੂਤਰਾਂ ਮੁਤਾਬਕ ਮਾਈਨਿੰਗ ਵਿਭਾਗ ਨੇ ਕਾਹਨਪੁਰ ਖੂਹੀ ਤੇ ਐਲਗਰਾਂ ਮਜ਼ਾਰਾ ਵਿਚ ਨਾਕੇ ਲਗਾਏ ਹਨ ਇਸ ਤੇ ਬਾਵਜੂਦ ਬਿਨਾਂ ਕਾਗਜ਼ਾਂ ਤੋਂ ਵੱਡੀ ਗਿਣਤੀ ਟਿੱਪਰ ਲੰਘ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਸਾਰਾ ਕੰਮ ਜ਼ਿਲ੍ਹਾ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ।
ਖਣਨ ਮਾਫੀਏ ਵਿਰੁੱਧ ਜਾਂਚ ਕਰਵਾਈ ਜਾਵੇਗੀ: ਡੀਸੀ
ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਨਾਲ ਜਦੋਂ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਟੈਕਸਟ ਮੈਸੇਜ ਰਾਹੀਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਉਹ ਐਕਸੀਅਨ ਮਾਈਨਿੰਗ ਵਿਭਾਗ ਤੋਂ ਕਰਵਾ ਰਹੇ ਹਨ। ਦੋਸ਼ੀਆਂ ਨੂੰ ਬਖਸ਼ਿਆਂ ਨਹੀਂ ਜਾਵੇਗਾ।
ਥਾਣਿਆਂ ਦੀਆਂ ਹੱਦਾਂ ਨੂੰ ਲੈ ਕੇ ਫਾਇਦਾ ਲੈਂਦਾ ਹੈ ਖਣਨ ਮਾਫੀਆ
ਇਹ ਵੀ ਦੇਖਣ ਵਿੱਚ ਆਇਆ ਹੈ ਕਿ ਸੁਆਂ ਨਦੀ ਦੀ ਇੱਕ ਹੱਦ ਨੂਰਪੁਰ ਬੇਦੀ ਪੁਲੀਸ ਥਾਣਾ ਤੇ ਦੂਜੀ ਹੱਦ ਨਵਾਂ ਨੰਗਲ ਪੁਲੀਸ ਚੌਕੀ ਅਧੀਨ ਹੈ। ਐੱਸਐੱਚਓ ਜਤਿਨ ਕਪੂਰ ਦਾ ਕਹਿਣਾ ਹੈ ਕਿ ਉਨ੍ਹਾਂ ਅਧੀਨ ਆਉਂਦੀ ਸੁਆਂ ਨਦੀ ਵਿੱਚ ਨਾਜਾਇਜ਼ ਖਣਨ ਰੋਕਿਆ ਗਿਆ ਹੈ, ਪਰ ਸੂਤਰਾਂ ਮੁਤਾਬਕ ਨਵਾਂ ਨੰਗਲ ਪੁਲੀਸ ਚੌਕੀ ਅਧੀਨ ਆਉਂਦੇ ਖੇਤਰ ਭਲਾਣ, ਭੱਲੜੀ, ਖੇੜਾ ਕਲਮੋਟ, ਪਲਾਟਾ ਵਿੱਚ ਹਾਲੇ ਵੀ ਧੜੱਲੇ ਨਾਲ ਖਣਨ ਹੋ ਰਿਹਾ ਹੈ।