ਬਲਵਿੰਦਰ ਰੈਤ
ਨੂਰਪੁਰ ਬੇਦੀ, 24 ਅਗਸਤ
ਨੂਰਪੁਰ ਬੇਦੀ ਤੋਂ 11 ਕਿਲੋਮੀਟਰ ਦੂਰ ਪੈਂਦੀ ਸੁਆਂ ਨਦੀ ਦੇ ਪੱਕੇ ਪੁਲ ਨੇੜੇ ਛਿੱਪਦੇ ਵੱਲ ਖਣਨ ਮਾਫੀਏ ਵੱਲੋਂ ਵੱਡੇ ਪੱਧਰ ’ਤੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ, ਜਦਕਿ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਪਹਿਲੀ ਅਗਸਤ ਤੋਂ 30 ਸਤਬੰਰ ਤੱਕ ਸੁਆਂ ਨਦੀ ’ਚ ਮਾਈਨਿੰਗ ਕਰਨ ’ਤੇ ਪਾਬੰਦੀ ਲਗਾਈ ਹੋਈ ਹੈ। ਕਰੋਨਾ ਦੇ ਵੱਧ ਰਹੇ ਕੇਸਾਂ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਸੂਬੇ ਵਿੱਚ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਗਾਊਣ ਦੇ ਹੁਕਮ ਜਾਰੀ ਕੀਤੇ ਹਨ, ਪਰ ਇਸ ਦਾ ਖਣਨ ਮਾਫੀਏ ’ਤੇ ਕੋਈ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ। ਕਰਫਿਊ ਦੌਰਾਨ ਐਲਗਰਾਂ ਜ਼ੋਨ ਵਿੱਚ ਰਾਤ ਨੂੰ ਸੁਆਂ ਨਦੀ ਵਿੱਚ ਪੌਕਲੇਨ ਮਸ਼ੀਨਾਂ ਨਾਲ ਨਾਜਾਇਜ਼ ਖਣਨ ਕੀਤਾ ਜਾ ਰਿਹਾ ਹੈ। ਬਰਸਾਤ ਦਾ ਮੌਸਮ ਹੋਣ ਕਰ ਕੇ ਸੁਆਂ ਨਦੀ ਵਿੱਚ ਹੜ੍ਹ ਆਉਣ ਦਾ ਡਰ ਹੈ, ਜਿਸ ਨਾਲ ਨਾਜਾਇਜ਼ ਖਣਨ ਕਰਨ ਵਾਲਿਆਂ ਦਾ ਜਾਨੀ ਨਕਸਾਨ ਹੋਣ ਦਾ ਵੀ ਖਦਸ਼ਾ ਹੈ। ਖਣਨ ਮਾਫੀਏ ਦੇ ਹੌਸਲੇ ਇਨੇ ਬੁਲੰਦ ਹਨ ਕਿ ਉਹ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਬੇਖ਼ੌਫ ਖਣਨ ਕਰ ਕੇ ਸੁਆਂ ਨਦੀ ਦਾ ਸੀਨਾ ਉਧੇੜ ਰਹੇ ਹਨ ਤੇ ਜ਼ਿਲ੍ਹਾ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਜਦੋਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਇਸ ਸਬੰਧੀ ਗੱਲ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਦਾ ਇਕੋ ਜਵਾਬ ਹੁੰਦਾ ਹੈ ਕਿ ਸੁਆਂ ਨਦੀ ਵਿੱਚ ਕੋਈ ਨਾਜਾਇਜ਼ ਖਣਨ ਨਹੀਂ ਹੋ ਰਿਹਾ, ਜੇਕਰ ਅਜਿਹਾ ਕੋਈ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਵੇਗਾ ਤਾਂ ਉਹ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨਗੇ। ਇਸ ਦੇ ਬਾਵਜੂਦ ਇਹ ਗੋਰਖ਼ਧੰਦਾ ਲੰਮੇ ਸਮੇਂ ਤੋਂ ਜਾਰੀ ਹੈ। ਜਦੋਂ ਇਸ ਮੁੱਦੇ ’ਤੇ ਡੀਸੀ ਸੋਨਾਲੀ ਗਿਰੀ ਨਾਲ ਉਨ੍ਹਾਂ ਦੇ ਮੋਬਾਈਲ ’ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।
ਟਿੱਪਰ ਚਾਲਕਾਂ ਵੱਲੋਂ ਕਰਫਿਊ ਦੀ ਉਲੰਘਣਾ
ਸੁਆਂ ਨਦੀ ਵਿੱਚੋਂ ਰੇਤਾ ਤੇ ਸਟੋਨ ਕਰੱਸ਼ਰਾਂ ਤੋਂ ਬਜਰੀ, ਗਟਕਾ ਲੈ ਕੇ ਆ ਰਹੇ ਹੈਵੀ ਟਿੱਪਰ ਤੇ ਹੈਵੀ ਟਰਾਲੇ ਕਰਫਿਊ ਦੀ ਉਲੰਘਣਾ ਕਰ ਰਹੇ ਹਨ। ਸੁਆਂ ਨਦੀ ਵਿੱਚ ਲੱਗੇ ਸਟੋਨ ਕਰੱਸ਼ਰਾਂ ਤੋਂ ਮਾਲ ਭਰ ਕੇ ਇਹ ਟਿੱਪਰ ਰਾਤ ਨੂੰ ਹੀ ਚੱਲਦੇ ਹਨ। ਹਿਮਾਚਲ ਪ੍ਰਦੇਸ਼ ਵਿੱਚੋਂ ਵੀ ਵੱਡੀ ਗਿਣਤੀ ਟਿੱਪਰ ਵਿੱਚ ਨੂਰਪੁਰ ਬੇਦੀ ਰਾਹੀਂ ਵੱਖ-ਵੱਖ ਸ਼ਹਿਰਾਂ ਨੂੰ ਜਾਂਦੇ ਹਨ। ਕਰਫਿਊ ਲੱਗਣ ਦੇ ਬਾਵਜੂਦ ਪੁਲੀਸ ਅਧਿਕਾਰੀਆਂ ਵੱਲੋਂ ਉਕਤ ਟਿੱਪਰ ਚਾਲਕਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਐੱਸਐੱਸਪੀ ਰੂਪਨਗਰ ਡਾ. ਅਖਿਲ ਚੌਧਰੀ ਨਾਲ ਜਦੋਂ ਇਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਵੱਖ-ਵੱਖ ਥਾਵਾਂ ’ਤੇ ਚੈਕਿੰਗ ਕਰਵਾ ਰਹੇ ਹਨ। ਜੇਕਰ ਅਜਿਹਾ ਕੋਈ ਦਾ ਮਾਮਲਾ ਸਾਹਮਣੇ ਆਇਆ ਤਾਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਲੈ ਕੇ ਇਸ ਦੀ ਜਾਂਚ ਕਰਵਾਈ ਜਾਵੇਗੀ।