ਜਗਮੋਹਨ ਸਿੰਘ/ਬਲਵਿੰਦਰ ਰੈਤ
ਰੂਪਨਗਰ/ਨੂਰਪੁਰ ਬੇਦੀ, 14 ਅਗਸਤ
ਖਣਨ ਵਿਭਾਗ ਪੰਜਾਬ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਬੀਤੇ ਦਿਨ ਰੂਪਨਗਰ ਜ਼ਿਲ੍ਹੇ ਵਿੱਚ ਵੱਖ-ਵੱਖ ਥਾਈਂ ਛਾਪੇ ਮਾਰਨ ਮਗਰੋਂ ਅੱਜ ਖਣਨ ਵਿਭਾਗ ਨੇ ਥਾਣਾ ਸਦਰ ਰੂਪਨਗਰ ਅਤੇ ਨੂਰਪੁਰ ਬੇਦੀ ਵਿੱਚ ਤਿੰਨ ਕੇਸ ਦਰਜ ਕਰਵਾਏ ਹਨ। ਇਨ੍ਹਾਂ ਵਿੱਚੋਂ ਇੱਕ ਪਰਚਾ ਖਣਨ ਵਿਭਾਗ ਵੱਲੋਂ ਘਨੌਲੀ ਨੇੜੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ’ਤੇ ਪਿੰਡ ਬਿੱਕੋਂ ਵਿੱਚ ਤਾਇਨਾਤ ਕੰਪਿਊਟਰ ਅਪਰੇਟਰ, ਜਦੋਂ ਕਿ ਦੋ ਪਰਚੇ ਕਰੱਸ਼ਰ ਮਾਲਕਾਂ ਖ਼ਿਲਾਫ਼ ਦਰਜ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਬਿੱਕੋਂ ਵਿੱਚ ਅੰਤਰਰਾਜੀ ਨਾਕੇ ’ਤੇ ਤਾਇਨਾਤ ਡਾਟਾ ਐਂਟਰੀ ਅਪਰੇਟਰ ਸੁਖਵਿੰਦਰ ਸਿੰਘ ਦੀ ਰਿਸ਼ਵਤ ਮੰਗਦੇ ਦੀ ਆਡੀਓ ਕਿਸੇ ਨੇ ਰਿਕਾਰਡ ਕਰਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਖਣਨ ਵਿਭਾਗ ਨੂੰ ਭੇਜ ਦਿੱਤੀ ਸੀ। ਇਸ ਤੋਂ ਇਲਾਵਾ ਵਿਭਾਗ ਨੂੰ ਜ਼ਿਲ੍ਹੇ ਅੰਦਰ ਗੈਰ-ਕਾਨੂੰਨੀ ਖਣਨ ਹੋਣ ਦੀਆਂ ਸ਼ਿਕਾਇਤਾਂ ਵੀ ਪ੍ਰਾਪਤ ਹੋਈਆਂ ਸਨ, ਜਿਸ ’ਤੇ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਬੀਤੇ ਦਿਨ ਅਚਾਨਕ ਦੌਰਾ ਕਰਕੇ ਖੁਦ ਮੌਕਾ ਦੇਖਣ ਮਗਰੋਂ ਰੂਪਨਗਰ ਜ਼ਿਲ੍ਹੇ ਦੇ ਖਣਨ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ ਸਨ। ਅੱਜ ਜਦੋਂ ਖਣਨ ਵਿਭਾਗ ਦੇ ਅਧਿਕਾਰੀ ਦੋ ਕਰੱਸ਼ਰਾਂ ਖ਼ਿਲਾਫ਼ ਕਾਰਵਾਈ ਲਈ ਮੌਕੇ ’ਤੇ ਪੁੱਜ ਕੇ ਜਾਂਚ ਕਰ ਰਹੇ ਸਨ ਤਾਂ ਕਰੱਸ਼ਰ ਮਾਲਕਾਂ ਨੇ ਵਿਭਾਗ ਦੇ ਅਧਿਕਾਰੀਆਂ ਨਾਲ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਸਬੰਧੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ, ਜਿਸ ਮਗਰੋਂ ਪੁਲੀਸ ਨੇ ਦੋ ਕਰੱਸ਼ਰ ਮਾਲਕਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।