ਗੁਰਬਖਸ਼ਪੁਰੀ
ਤਰਨ ਤਾਰਨ, 23 ਜੂਨ
ਪਿੰਡ ਚੰਬਲ ਦੇ ਇੱਕ ਕਿਸਾਨ ਦੇ ਖੇਤਾਂ ਵਿੱਚ ਕੀਤੀ ਜਾ ਰਹੀ ਗ਼ੈਰਕਾਨੂੰਨੀ ਖਣਨ ਸਬੰਧੀ ਕੀਤੀ ਪੱਖਪਾਤੀ ਕਾਰਵਾਈ, ਪ੍ਰਸ਼ਾਸਨ ਅਤੇ ਹਾਕਮ ਧਿਰ ਲਈ ਸਿਰਦਰਦੀ ਦਾ ਸਬੱਬ ਬਣ ਗਈ ਹੈ। ਇਸ ਮਾਮਲੇ ਵਿੱਚ ਸਰਕਾਰ ਦੇ ਇੱਕ ਕੈਬਨਿਟ ਮੰਤਰੀ ਦਾ ਨਾਂ ਵੀ ਬੋਲ ਰਿਹਾ ਹੈ। ਜਾਣਕਾਰੀ ਅਨੁਸਾਰ ਸਰਹਾਲੀ ਪੁਲੀਸ ਨੇ ਮਾਈਨਿੰਗ ਅਧਿਕਾਰੀ ਵਿਕਾਸ ਸਿੰਗਲਾ ਦੀ ਸ਼ਿਕਾਇਤ ’ਤੇ ਸ਼ੇਰੋਂ ਪਿੰਡ ਦੇ ਵਸਨੀਕ ਸੁਖਵਿੰਦਰ ਸਿੰਘ ਦੇ ਖੇਤਾਂ ਵਿੱਚੋਂ ਮਿੱਟੀ ਚੁੱਕੇ ਜਾਣ ਦੇ ਦੋਸ਼ ਹੇਠ ਉਸ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਪੁਲੀਸ ਨੇ ਮੌਕੇ ’ਤੋਂ ਇਕ ਜੇਸੀਬੀ, ਤਿੰਨ ਟਰੈਕਟਰ ਤੇ ਤਿੰਨ ਟਰਾਲੀਆਂ ਬਰਾਮਦ ਕੀਤੀਆਂ ਸਨ। ਸੂਤਰਾਂ ਅਨੁਸਾਰ ਇੱਕ ਪੋਕਲੇਨ ਮਸ਼ੀਨ ਤੇ ਟਿੱਪਰ ਵੀ ਬਰਾਮਦ ਕੀਤੇ ਗਏ ਸਨ। ਜਾਣਕਾਰੀ ਅਨੁਸਾਰ ਕਿਸਾਨ ਸੁਖਵਿੰਦਰ ਸਿੰਘ ਸੁੱਖ ਕਾਂਗਰਸ ਪਾਰਟੀ ਨਾਲ ਸਬੰਧ ਰੱਖਦਾ ਹੈ, ਜਦਕਿ ਪੋਕਲੇਨ ਮਸ਼ੀਨ ਤੇ ਟਿੱਪਰ ਦੇ ਮਾਲਕ ਹਾਕਮ ਧਿਰ ਨਾਲ ਸਬੰਧਤ ਹਨ। ਇਹ ਮਾਮਲਾ ਸਾਹਮਣੇ ਆਉਣ ’ਤੇ ਮੰਤਰੀ ਵੱਲੋਂ ਪੁਲੀਸ ਅਤੇ ਮਾਈਨਿੰਗ ਅਧਿਕਾਰੀ ’ਤੇ ਮਾਮਲਾ ਰਫ਼ਾ-ਦਫ਼ਾ ਕਰਨ ਲਈ ਪੂਰਾ ਦਬਾਅ ਬਣਾਇਆ ਗਿਆ, ਜਿਸ ਮਗਰੋਂ ਪੁਲੀਸ ਤੇ ਮਾਈਨਿੰਗ ਅਧਿਕਾਰੀ ਨੇ ਆਪਸੀ ਮਿਲੀ ਭੁਗਤ ਨਾਲ ਪੋਕਲੇਨ ਮਸ਼ੀਨ ਅਤੇ ਟਿੱਪਰ ਨੂੰ ਬਰਾਮਦ ਕੀਤੇ ਸਾਮਾਨ ਤੋਂ ਬਾਹਰ ਕਰ ਦਿੱਤਾ। ਇਸ ਸਬੰਧੀ ਪਤਾ ਲੱਗਣ ’ਤੇ ਵਿਰੋਧੀ ਧਿਰ ਵੱਲੋਂ ਇਸ ਪੱਖਪਾਤੀ ਰਵੱਈਏ ਖ਼ਿਲਾਫ਼ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੀ, ਜਿਸ ਮਗਰੋਂ ਡੀਐੱਸਪੀ (ਪੀਬੀਆਈ ਸਪੈਸ਼ਲ ਕ੍ਰਾਈਮ) ਜਗੀਰ ਸਿੰਘ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਗਿਆ। ਜਾਂਚ ਵਿੱਚ ਸਾਹਮਣੇ ਆਇਆ ਕਿ ਮਾਈਨਿੰਗ ਅਧਿਕਾਰੀ ਤੇ ਪੁਲੀਸ ਮੁਲਾਜ਼ਮਾਂ ਨੇ ਰਿਸ਼ਵਤ ਲੈ ਕੇ ਸਿਰਫ਼ ਜੁਰਮਾਨਾ ਭਰਵਾਉਣ ਲਈ ਪੋਕਲੇਨ ਮਸ਼ੀਨ ਹੀ ਜ਼ਬਤ ਕੀਤੀ ਸੀ ਤੇ ਟਿੱਪਰ ਬਿਨਾਂ ਕਿਸੇ ਲਿਖਤੀ ਕਾਰਵਾਈ ਦੇ ਚੌਕੀ ਨੌਸ਼ਹਿਰਾ ਪੰਨੂਆ ਨੇੜੇ ਖੜ੍ਹਾ ਦਿੱਤਾ ਸੀ। ਡੀਐੱਸਪੀ ਜਗੀਰ ਸਿੰਘ ਵੱਲੋਂ ਕੀਤੀ ਜਾਂਚ ਦੀ ਰਿਪੋਰਟ ਦੇ ਆਧਾਰ ’ਤੇ ਸਰਹਾਲੀ ਪੁਲੀਸ ਨੇ ਥਾਣਾ ਮੁਖੀ, ਏਐੱਸਆਈ ਤੇ ਮਾਈਨਿੰਗ ਅਧਿਕਾਰੀ ਖ਼ਿਲਾਫ਼ ਫੌਜਦਾਰੀ ਤੇ ਮਾਈਨਿੰਗ ਐਕਟ ਤਹਿਤ ਕੇਸ ਦਰਜ ਕੀਤਾ ਹੈ। ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਥਾਣਾ ਮੁਖੀ ਚਰਨ ਸਿੰਘ ਅਤੇ ਏਐੱਸਆਈ ਹਰਜਿੰਦਰ ਸਿੰਘ ਨੂੰ ਤੁਰੰਤ ਪ੍ਰਭਾਵ ਤੋਂ ਡਿਊਟੀ ਤੋਂ ਹਟਾ ਕੇ ਲਾਈਨ ਹਾਜ਼ਰ ਕਰਨ ਦੇ ਹੁਕਮ ਦਿੱਤੇ ਹਨ।