ਬਲਵਿੰਦਰ ਰੈਤ
ਨੂਰਪੁਰ ਬੇਦੀ, 2 ਅਕਤੂਬਰ
ਮਾਈਨਿੰਗ ਵਿਭਾਗ ਵੱਲੋਂ ਅੱਜ ਨੇੜਲੇ ਪਿੰਡ ਐਲਗਰਾਂ ’ਚ ਚੱਲਦੀ ਸ਼ਿਵਾਲਿਕ ਸਕਰੀਨਿੰਗ ਯੂਨਿਟ ’ਤੇ ਅਚਨਚੇਤ ਛਾਪਾ ਮਾਰਿਆ ਗਿਆ ਅਤੇ ਮਾਈਨਿੰਗ ਗੈਰ-ਕਾਨੂੰਨੀ ਪਾਏ ਜਾਣ ’ਤੇ ਯੂਨਿਟ ਦੇ ਮਾਲਕਾਂ ਖ਼ਿਲਾਫ਼ ਕੇਸ ਦਰਜ ਕਰਵਾਇਆ ਗਿਆ। ਮਾਈਨਿੰਗ ਵਿਭਾਗ ਦੇ ਜੇ.ਈ.-ਕਮ-ਮਾਈਨਿੰਗ ਇੰਸਪੈਕਟਰ ਸਾਹਿਲ ਮਨਹੋਤਰਾ ਨੇ ਆਪਣੀ ਟੀਮ ਦੇ ਨਾਲ ਉਕਤ ਕਰੱਸ਼ਰ ਦਾ ਨਿਰੀਖਣ ਕੀਤਾ। ਇਸ ਦੌਰਾਨ ਟੀਮ ਨੂੰ ਕਰੱਸ਼ਰ ਨੇੜੇ ਲਗਪਗ 50 ਹਜ਼ਾਰ ਕਿਊਬਕ ਫੁੱਟ ਸਮਰੱਥਾ ਵਾਲਾ ਇੱਕ ਵੱਡਾ ਟੋਆ ਮਿਲਿਆ। ਕਰੱਸ਼ਰ ਨੇੜੇ ਵੱਡੀ ਮਾਤਰਾ ਵਿੱਚ ਸਟਾਕ ਕਰ ਕੇ ਰੱਖਿਆ ਕਰੀਬ 6000 ਕਿਊਬਕ ਫੁੱਟ ਕੱਚਾ ਮਾਲ ਵੀ ਬਰਾਮਦ ਹੋਇਆ। ਖੁਦਾਈ ਕੀਤੀ ਗਈ ਜਗ੍ਹਾ ਨੇੜੇ ਇੱਕ ਵੱਡੀ ਪੋਕਲੇਨ ਮਸ਼ੀਨ ਵੀ ਬਰਾਮਦ ਕੀਤੀ ਗਈ।
ਸਾਹਿਲ ਮਨਹੋਤਰਾ ਨੇ ਇਸ ਬਾਰੇ ਪੁਲੀਸ ਚੌਕੀ ਕਲਵਾਂ ਵਿੱਚ ਜਾਣਕਾਰੀ ਦਿੱਤੀ ਤੇ ਮਾਈਨਿੰਗ ਐਕਟ ਤਹਿਤ ਕੇਸ ਦਰਜ ਕਰ ਕੇ ਬਣਦੀ ਕਾਰਵਾਈ ਕਰਨ ਲਈ ਕਿਹਾ। ਪੁਲੀਸ ਚੌਕੀ ਕਲਵਾਂ ਦੇ ਇੰਚਾਰਜ ਏਐੱਸਆਈ ਹਰਮੇਸ਼ ਕੁਮਾਰ ਨੇ ਦੱਸਿਆ ਕਿ ਮਾਈਨਿੰਗ ਵਿਭਾਗ ਦੇ ਜੇ.ਈ.-ਕਮ-ਮਾਈਨਿੰਗ ਇੰਸਪੈਕਟਰ ਸਾਹਿਲ ਮਨਹੋਤਰਾ ਦੀ ਸ਼ਿਕਾਇਤ ’ਤੇ ਪਿੰਡ ਐਲਗਰਾਂ ਦੀ ਹੱਦ ਅੰਦਰ ਚੱਲ ਰਹੇ ਮੈਸਰਜ਼ ਸ਼ਿਵਾਲਿਕ ਸਕਰੀਨਿੰਗ ਯੂਨਿਟ ਦੇ ਨਾਮਾਲੂਮ ਮਾਲਕਾਂ ਖ਼ਿਲਾਫ਼ ਮਾਈਨਿੰਗ ਐਂਡ ਮਿਨਰਲਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਕਾਰਵਾਈ ਆਰੰਭ ਦਿੱਤੀ ਗਈ ਹੈ।