ਇਕਬਾਲ ਸਿੰਘ ਸ਼ਾਂਤ
ਲੰਬੀ, 22 ਮਈ
ਆਬਕਾਰੀ ਵਿਭਾਗ ਦੇ ਜੁਆਇੰਟ ਆਬਕਾਰੀ ਕਮਿਸ਼ਨਰ ਨਰੇਸ਼ ਦੂਬੇ ਦੀ ਅਗਵਾਈ ਹੇਠ ਪੁਲੀਸ ਅਤੇ ਆਬਕਾਰੀ ਵਿਭਾਗ ਨੇ ਪਿੰਡ ਬਾਦਲ ਵਿੱਚ ਛਾਪਾ ਮਾਰ ਕੇ ਅੱਜ ਐੱਸਐੱਸਆਰ ਡਿਸਟਲਰੀ ਸ਼ਰਾਬ ਬਾਟਲਿੰਗ ਪਲਾਂਟ ਦੀ ਮਿਲੀਭੁਗਤ ਨਾਲ ਇੱਕ ਬਾਗ ਵਿੱਚ ਚੱਲ ਰਹੀ ਗੈਰ-ਕਾਨੂੰਨੀ ਸ਼ਰਾਬ ਦੀ ਫੈਕਟਰੀ ’ਚੋਂ ਭਾਰੀ ਮਾਤਰਾ ’ਚ ਖਾਲੀ ਬੋਤਲਾਂ, 1500 ਲਿਟਰ ਸ਼ਰਾਬ, ਮਹਿੰਗੀ ਸ਼ਰਾਬ ਦੇ ਸਟਿੱਕਰ, ਨਕਲੀ ਹੋਲੋਗਰਾਮ ਅਤੇ ਢੱਕਣ ਬਰਾਮਦ ਕੀਤੇ ਹਨ। ਪੁਲੀਸ ਨੇ ਫੈਕਟਰੀ ਦੇ ਮੈਨੇਜਰ ਆਨੰਦ ਸ਼ਰਮਾ ਅਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਾਟਲਿੰਗ ਪਲਾਂਟ ਦੀ ਸ਼ਰਾਬ ਮਹਿੰਗੀਆਂ ਸ਼ਰਾਬ ਦੀਆਂ ਬੋਤਲਾਂ ਵਿੱਚ ਪਾ ਕੇ ਜਾਅਲੀ ਸਟਿੱਕਰ ਅਤੇ ਹੈਲੋਗ੍ਰਾਮ ਲਗਾ ਕੇ ਗੈਰ-ਕਾਨੂੰਨੀ ਧੰਦਾ ਕੀਤਾ ਜਾ ਰਿਹਾ ਸੀ। ਜ਼ਿਕਰਯੋਗ ਹੈ ਕਿ ਇਹ ਬਾਟਲਿੰਗ ਪਲਾਂਟ ਕੁਝ ਵਰ੍ਹੇ ਪਹਿਲਾਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਮੈਂਬਰ ਪਰਮਜੀਤ ਸਿੰਘ ‘ਲਾਲੀ ਬਾਦਲ’ ਦੇ ਪਰਿਵਾਰ ਦੀ ਹਿੱਸੇਦਾਰੀ ਨਾਲ ਵਜੂਦ ਵਿੱਚ ਆਇਆ ਸੀ। ਲਾਲੀ ਬਾਦਲ ਮੁਤਾਬਕ ਉਨ੍ਹਾਂ ਦੇ ਪਰਿਵਾਰ ਨੇ ਬਾਟਲਿੰਗ ਪਲਾਂਟ ’ਚੋਂ ਆਪਣੀ ਹਿੱਸੇਦਾਰੀ 31 ਦਸੰਬਰ 2020 ਨੂੰ ਸੁਸ਼ੀਲ ਕੁਮਾਰ ਕੇਰਲਾ ਅਤੇ ਰਾਜੇਸ਼ ਹੈਦਰਾਬਾਦ ਨੂੰ ਵੇਚ ਦਿੱਤੀ ਸੀ।