ਇਕਬਾਲ ਸਿੰਘ ਸ਼ਾਂਤ
ਲੰਬੀ, 23 ਮਈ
ਪਿੰਡ ਬਾਦਲ ਵਿੱਚ ਬੀਤੇ ਦਿਨ ਗੈਰਕਾਨੂੰਨੀ ਸ਼ਰਾਬ ਫੈਕਟਰੀ ਮਿਲਣ ਸਬੰਧੀ ਅਗਲੀ ਜਾਂਚ ਧੰਦੇ ਦੇ ਅਸਲ ਮਾਲਕਾਂ ਅਤੇ ਬਾਗ ਵਿਚਲੇ ਰਕਬੇ ਦੀ ਮਾਲਕੀ ਦੀ ਗੁੰਝਲ ’ਤੇ ਟਿਕੀ ਹੋਈ ਹੈ। ਲੰਬੀ ਪੁਲੀਸ ਨੇ ਆਬਕਾਰੀ ਐਕਟ, ਧੋਖਾਦੇਹੀ, ਟਰੇਡ ਮਾਅਰਕਾ ਐਕਟ ਸਮੇਤ 11 ਧਾਰਾਵਾਂ ਧਾਰਾਵਾਂ ਤਹਿਤ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਦੀ ਅਹਿਮ ਕੜੀ ਚੰਡੀਗੜ੍ਹ ਵਾਸੀ ਰਾਜਾ ਨਾਮਕ ਵਿਅਕਤੀ ਹਾਲੇ ਪੁਲੀਸ ਹੱਥੋਂ ਬਾਹਰ ਹੈ। ਆਬਕਾਰੀ ਵਿਭਾਗ ਬਰਾਮਦ ਜਖੀਰੇ ਦੀ ਗਿਣਤੀ-ਮਿਣਤੀ ’ਚ ਜੁਟਿਆ ਹੈ। ਇੱਥੋਂ ਦਮਨ, ਜੰਮੂ, ਹਿਮਾਚਲ ਅਤੇ ਹਰਿਆਣਾ ਦੀ ਸ਼ਰਾਬ ਸਮੇਤ ਦਰਜਨ ਮਾਅਰਕਿਆਂ ਦੇ ਕਰੀਬ ਇੱਕ ਲੱਖ ਜਾਅਲੀ ਲੇਬਲ ਬਰਾਮਦ ਹੋਏ ਹਨ।
ਅੱਜ ਐਤਵਾਰ ਹੋਣ ਕਾਰਨ ਜ਼ਿਲਾ ਪ੍ਰਸ਼ਾਸਨ ਮਾਲ ਵਿਭਾਗ ਜ਼ਰੀਏ ਬਾਗ ਦੀਆਂ ਫਰਦਾਂ ਵੀ ਨਹੀਂ ਫਰੋਲ ਸਕਿਆ। ਉਂਝ ਬਾਗ ਵਿਚਲੇ ਰਕਬੇ ਦੀ ਮਾਲਕੀ ਲਾਲੀ ਬਾਦਲ ਦੇ ਨਾਂ ’ਤੇ ਹੋਣ ਦੀ ਚਰਚਾ ਹੈ। ਸੂਤਰਾਂ ਮੁਤਾਬਕ ਇਨ੍ਹਾਂ ਮਾਅਰਕਿਆਂ ਦੀ ਸ਼ਰਾਬ ਪੰਜਾਬ ਦੇ ਲੁਧਿਆਣਾ ਖੇਤਰ ਅਤੇ ਪੰਜਾਬ ਤੋਂ ਬਾਹਰੀ ਸੂਬਿਆਂ ’ਚ ਸਪਲਾਈ ਕੀਤੀ ਜਾਂਦੀ ਸੀ। ਐੱਸਐੱਸਆਰ ਬਾਟਲਿੰਗ ਪਲਾਂਟ ’ਤੇ ਆਬਕਾਰੀ ਇੰਸਪੈਕਟਰ ਤਾਇਨਾਤ ਹੋਣ ਦੇ ਬਾਵਜੂਦ ਸ਼ਰਾਬ ਬਣਨੀ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦੀ ਹੈ।
ਨਕਲੀ ਸ਼ਰਾਬ ਦੇ ਇਸ ਧੰਦੇ ਨੂੰ ਆਮ ਨਜ਼ਰਾਂ ਤੋਂ ਬਚਾਉਣ ਲਈ ਬਠਿੰਡਾ-ਲੰਬੀ ਸੜਕ ’ਤੇ ਬਾਗ ਦੇ ਮੁੱਖ ਰਸਤੇ ’ਤੇ ਹਰੇ ਰੰਗ ਦੇ ਗੇਟ ਨੂੰ ਜਿੰਦਰਾ ਲਗਾ ਕੇ ਰੱਖਿਆ ਜਾਂਦਾ ਸੀ। ਇਹ ਜਗ੍ਹਾ ਬਾਟਲਿੰਗ ਪਲਾਂਟ ਤੋਂ ਚਾਰ ਕਿਲੋਮੀਟਰ ਦੂਰ ਸਥਿਤ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਮੈਨੇਜਰ ਆਨੰਦ ਸ਼ਰਮਾ ਵਾਸੀ ਮੋਤੀਚੂਰ (ਹਰਿਦੁਆਰ), ਜਸ਼ਨ ਵਾਸੀ ਖਿਉਵਾਲੀ, ਪ੍ਰਗਟ ਸਿੰਘ ਵਾਸੀ ਲੰਬੀ ਅਤੇ ਰਾਜਾ ਵਾਸੀ ਚੰਡੀਗੜ ਨੂੰ ਨਾਮਜ਼ਦ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਮਾਮਲੇ ’ਤੇ ਮਿੱਟੀ ਪਾਉਣ ਲਈ ਛੋਟੇ ਮੁਲਾਜ਼ਮਾਂ ਨੂੰ ਨਾਮਜ਼ਦ ਕਰ ਦਿੱਤਾ ਗਿਆ ਹੈ। ਵੱਡੇ ਮਗਰਮੱਛਾਂ ਦੇ ਨਾਂ ਹਾਲੇ ਸਾਹਮਣੇ ਨਹੀਂ ਆਏ।
ਸੂਤਰਾਂ ਅਨੁਸਾਰ ਨਾਜਾਇਜ਼ ਸ਼ਰਾਬ ਕਾਰੋਬਾਰ ਦੇ ਸੰਚਾਲਕਾਂ ਨਾਲ ਆਪਸੀ ਲੈਣਦਾਰੀ ਦੀ ਖਹਬਿਾਜ਼ੀ ’ਚ ਮੁਖਬਰੀ ’ਤੇ ਆਬਕਾਰੀ ਵਿਭਾਗ ਨੂੰ ਵੱਡੀ ਸਫ਼ਲਤਾ ਮਿਲੀ ਹੈ। ਦੇਰ ਸ਼ਾਮ ਤੱਕ ਈਟੀਓ ਵਿਕਰਮ ਠਾਕੁਰ, ਇੰਸਪੈਕਟਰ ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਮੁਨਸ਼ੀ ਕੁਮਾਰ ਅਤੇ ਲੰਬੀ ਥਾਣੇ ਦੇ ਮੁਖੀ ਚੰਦਰ ਸ਼ੇਖ਼ਰ ਸਾਮਾਨ ਗਿਣਵਾ ਕੇ ਬਰਾਮਦਗੀ ਨੇਪਰੇ ਚਾੜ੍ਹਨ ਵਿੱਚ ਜੁਟੇ ਹੋਏ ਸਨ।
ਅਦਾਲਤ ’ਚ ਪੇਸ਼ੀ ਅੱਜ
ਆਬਕਾਰੀ ਏਈਟੀਸੀ ਸੁਖਚੈਨ ਸਿੰਘ ਨੇ ਕਿਹਾ ਕਿ ਸਾਮਾਨ ਦੀ ਗਿਣਤੀ ਅਤੇ ਫਰਦਾਂ ਆਦਿ ਦੀ ਪੜਤਾਲ ਜਾਰੀ ਹੈ। ਥਾਣਾ ਮੁਖੀ ਨੇ ਕਿਹਾ ਕਿ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।