ਇਕਬਾਲ ਸਿੰਘ ਸ਼ਾਂਤ
ਲੰਬੀ, 22 ਮਈ
ਆਬਕਾਰੀ ਵਿਭਾਗ ਦੇ ਜੁਆਇੰਟ ਆਬਕਾਰੀ ਕਮਿਸ਼ਨਰ ਨਰੇਸ਼ ਦੂਬੇ ਦੀ ਅਗਵਾਈ ਹੇਠ ਪੁਲੀਸ ਅਤੇ ਆਬਕਾਰੀ ਵਿਭਾਗ ਨੇ ਪਿੰਡ ਬਾਦਲ ਵਿੱਚ ਛਾਪਾ ਮਾਰ ਕੇ ਅੱਜ ਐੱਸਐੱਸਆਰ ਡਿਸਟਲਰੀ ਸ਼ਰਾਬ ਬਾਟਲਿੰਗ ਪਲਾਂਟ ਦੀ ਮਿਲੀਭੁਗਤ ਨਾਲ ਇੱਕ ਬਾਗ ਵਿੱਚ ਚੱਲ ਰਹੀ ਗੈਰ-ਕਾਨੂੰਨੀ ਸ਼ਰਾਬ ਦੀ ਫੈਕਟਰੀ ’ਚੋਂ ਭਾਰੀ ਮਾਤਰਾ ’ਚ ਖਾਲੀ ਬੋਤਲਾਂ, 1500 ਲੀਟਰ ਸ਼ਰਾਬ, ਮਹਿੰਗੀ ਸ਼ਰਾਬ ਦੇ ਸਟਿੱਕਰ, ਨਕਲੀ ਹੋਲੋਗਰਾਮ ਅਤੇ ਢੱਕਣ ਬਰਾਮਦ ਕੀਤੇ ਹਨ। ਪੁਲੀਸ ਨੇ ਫੈਕਟਰੀ ਦੇ ਮੈਨੇਜਰ ਆਨੰਦ ਸ਼ਰਮਾ ਅਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਾਟਲਿੰਗ ਪਲਾਂਟ ਦੀ ਸ਼ਰਾਬ ਮਹਿੰਗੀਆਂ ਸ਼ਰਾਬ ਦੀਆਂ ਬੋਤਲਾਂ ਵਿੱਚ ਪਾ ਕੇ ਜਾਅਲੀ ਸਟਿੱਕਰ ਅਤੇ ਹੈਲੋਗ੍ਰਾਮ ਲਗਾ ਕੇ ਗੈਰ-ਕਾਨੂੰਨੀ ਧੰਦਾ ਕੀਤਾ ਜਾ ਰਿਹਾ ਸੀ।
ਜ਼ਿਕਰਯੋਗ ਹੈ ਕਿ ਇਹ ਬਾਟਲਿੰਗ ਪਲਾਂਟ ਕੁਝ ਵਰ੍ਹੇ ਪਹਿਲਾਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਮੈਂਬਰ ਪਰਮਜੀਤ ਸਿੰਘ ‘ਲਾਲੀ ਬਾਦਲ’ ਦੇ ਪਰਿਵਾਰ ਦੀ ਹਿੱਸੇਦਾਰੀ ਨਾਲ ਵਜੂਦ ਵਿੱਚ ਆਇਆ ਸੀ। ਲਾਲੀ ਬਾਦਲ ਮੁਤਾਬਕ ਉਨ੍ਹਾਂ ਦੇ ਪਰਿਵਾਰ ਨੇ ਬਾਟਲਿੰਗ ਪਲਾਂਟ ’ਚੋਂ ਆਪਣੀ ਹਿੱਸੇਦਾਰੀ 31 ਦਸੰਬਰ 2020 ਨੂੰ ਸੁਸ਼ੀਲ ਕੁਮਾਰ ਕੇਰਲਾ ਅਤੇ ਰਾਜੇਸ਼ ਹੈਦਰਾਬਾਦ ਨੂੰ ਵੇਚ ਦਿੱਤੀ ਸੀ। ਪ੍ਰਸ਼ਾਸਨ ਦੇ ਨਿਰਦੇਸ਼ਾਂ ’ਤੇ ਮਾਲ ਵਿਭਾਗ ਬਾਟਲਿੰਗ ਪਲਾਂਟ ਤੇ ਬਾਗ ਦੀ ਮਾਲਕੀ ਸਬੰਧੀ ਦਸਤਾਵੇਜ਼ ਫਰੋਲਣ ਵਿੱਚ ਜੁਟ ਗਿਆ ਹੈ।
ਇੰਨੇ ਵੱਡੇ ਪੱਧਰ ’ਤੇ ਜਾਅਲੀ ਸ਼ਰਾਬ ਦੀ ਫੈਕਟਰੀ ਦਾ ਪਤਾ ਲੱਗਣ ਨਾਲ ‘ਨਸ਼ਾ ਮੁਕਤ ਪੰਜਾਬ’ ਦੇ ਸਿਰਜਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਆਬਕਾਰੀ ਵਿਭਾਗ ਪੰਜਾਬ ਦੇ ਜ਼ਮੀਨੀ ਅਮਲੇ ਦੀ ਲਾਪਰਵਾਹੀ ਉਜਾਗਰ ਹੋਈ ਹੈ। ਆਮ ਤੌਰ ’ਤੇ ਆਬਕਾਰੀ ਵਿਭਾਗ ਆਮ ਲੋਕਾਂ ਤੋਂ ਚਾਰ-ਪੰਜ ਬੋਤਲਾਂ ਬਰਾਮਦ ਕਰ ਕੇ ਸੁਰਖੀਆਂ ’ਚ ਆਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਪਰ ਜ਼ਿਲ੍ਹਾ ਆਬਕਾਰੀ ਤੰਤਰ ਨੂੰ ਇਹ ਗੈਰ-ਕਾਨੂੰਨੀ ਫੈਕਟਰੀ ਨਜ਼ਰ ਨਹੀਂ ਆਈ।
ਦੂਬੇ ਨੇ ਕਿਹਾ ਕਿ ਪੂਰੇ ਕਾਗਜ਼ਾਤ ਦੀ ਪੜਤਾਲ ਕਰਕੇ ਸਬੰਧਤ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮਲੋਟ ਦੇ ਡੀਐੱਸਪੀ ਜਸਪਾਲ ਸਿੰਘ ਨੇ ਕਿਹਾ ਕਿ ਆਬਕਾਰੀ ਵਿਭਾਗ ਦੇ ਬਿਆਨਾਂ ਦੇ ਆਧਾਰ ’ਤੇ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।