ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 23 ਅਕਤੂਬਰ
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਗੈਰਕਾਨੂੰਨੀ ਇਮੀਗਰੇਸ਼ਨ ਅਤੇ ਟਰੈਵਲ ਏਜੰਟਾਂ ਦਾ ਗੋਰਖਧੰਦਾ ਧੜੱਲੇ ਨਾਲ ਚੱਲ ਰਿਹਾ ਹੈ। ਹਾਲਾਂਕਿ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਲੌਕਡਾਊਨ ਕਾਰਨ ਥੋੜ੍ਹੇ ਸਮੇਂ ਇਸ ਕਾਰੋਬਾਰ ਨੂੰ ਠੱਲ੍ਹ ਜ਼ਰੂਰ ਪਈ ਸੀ, ਪਰ ਹਾਲਾਤ ਸੁਖਾਵੇਂ ਹੁੰਦੇ ਹੀ ਇਹ ਲੋਕ ਮੁੜ ਸਰਗਰਮ ਹੋ ਗਏ। ਮੁਹਾਲੀ ਸਮੇਤ ਆਸਪਾਸ ਇਲਾਕੇ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਇਮੀਗ੍ਰੇਸ਼ਨ ਦਫ਼ਤਰ ਚੱਲ ਰਹੇ ਹਨ ਅਤੇ ਹੁਣ ਤੱਕ ਮੁਹਾਲੀ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿੱਚ ਅਣਗਿਣਤ ਕੇਸ ਦਰਜ ਹਨ, ਪਰ ਇਮੀਗਰੇਸ਼ਨ ਠੱਗੀ ਦੇ ਮਾਮਲਿਆਂ ਵਿੱਚ ਨਾਮਜ਼ਦ ਵਿਅਕਤੀ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਪੁਰਾਣੀ ਕੰਪਨੀ ਬੰਦ ਕਰਕੇ ਨਵੇਂ ਨਾਮ ਨਾਲ ਦਫ਼ਤਰ ਖੋਲ੍ਹ ਲੈਂਦੇ ਹਨ। ਮੁਹਾਲੀ ਅਦਾਲਤ ਵਿੱਚ ਅਜਿਹੇ ਕਈ ਮਾਮਲੇ ਵਿਚਾਰ ਅਧੀਨ ਹਨ। ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਇਮੀਗ੍ਰੇਸ਼ਨ ਧੋਖਾਧੜੀ ਖ਼ਿਲਾਫ਼ ਕਾਫੀ ਸਮੇਂ ਤੋਂ ਸੰਘਰਸ਼ਸ਼ੀਲ ਹਨ। ਉਧਰ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਗੈਰ-ਕਾਨੂੰਨੀ ਟਰੈਵਲ ਏਜੰਟਾਂ ਦੀ ਸ਼ਨਾਖ਼ਤ ਲਈ ਸਮੂਹ ਸਬ ਡਵੀਜ਼ਨਾਂ ਦੇ ਐੱਸਡੀਐਮਜ਼ ਅਤੇ ਡੀਐੱਸਪੀਜ਼ ਦੀ ਨਿਗਰਾਨੀ ਹੇਠ ਵਿਸ਼ੇਸ਼ ਮੁਹਿੰਮ ਵਿੱਢੀ ਜਾਵੇਗੀ। ਉਨ੍ਹਾਂ ਦੱਸਿਆ ਕਿ ਟਰੈਵਲ ਕੰਸਲਟੈਂਸੀ/ਏਜੰਸੀਆਂ ਵਿਰੁੱਧ ਪ੍ਰਾਪਤ ਹੋਈਆਂ ਸਾਰੀਆਂ ਸ਼ਿਕਾਇਤਾਂ ਨੂੰ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਅਤੇ ਇਮੀਗਰੇਸ਼ਨ ਨਿਯਮਾਂ\ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਡੀਸੀ ਦਫ਼ਤਰ ਵੱਲੋਂ ਯੋਗ ਬਿਨੈਕਾਰਾਂ ਨੂੰ ਲਾਇਸੈਂਸ ਜਾਰੀ ਕੀਤੇ ਗਏ ਹਨ ਅਤੇ ਰਜਿਸਟਰਡ ਲਾਇਸੈਂਸਧਾਰਕਾਂ ਦੀ ਸੂਚੀ ਜ਼ਿਲ੍ਹਾ ਵੈੱਬਸਾਈਟ www.sasnav.nic.in ’ਤੇ ਵੀ ਊਪਲਬਧ ਹੈ।