ਜਗਮੋਹਨ ਸਿੰਘ
ਰੂਪਨਗਰ, 24 ਜੁਲਾਈ
ਪਿੰਡ ਖ਼ੈਰਾਬਾਦ ਵਿਖੇ ਵੱਖ ਵੱਖ ਪ੍ਰਾਪਰਟੀ ਡੀਲਰਾਂ ਦੁਆਰਾ ਕੱਟੀ ਨਾਜਾਇਜ਼ ਕਾਲੋਨੀ ਨੇ ਖ਼ੈਰਾਬਾਦ ਪਿੰਡ ਦੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਪਿੰਡ ਦੀ ਨਿਵਾਣ ਵਾਲੇ ਪਾਸੇ ਕੱਟੀ ਗਈ ਕਲੋਨੀ ਵਿੱਚ ਬਣਾਈ ਗਲੀ ਨੇ ਪਿੰਡ ਦੇ ਪਾਣੀ ਦਾ ਨਿਕਾਸ ਰੋਕ ਦਿੱਤਾ ਹੈ, ਜਿਸ ਕਾਰਨ ਪਿੰਡ ਦੇ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਵਿੱਚ ਪਾਣੀ ਵੜ ਗਿਆ। ਇਸ ਸਬੰਧੀ ਪਿੰਡ ਖੈਰਾਬਾਦ ਦੇ ਵਸਨੀਕਾਂ ਤਰਲੋਚਨ ਸਿੰਘ, ਅਮਰ ਸਿੰਘ, ਬਲਜਿੰਦਰ ਸਿੰਘ, ਹਰਭਜਨ ਸਿੰਘ, ਕੇਹਰ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਅਤੇ ਟਰੱਕ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਖ਼ੈਰਾਬਾਦ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਬਰਸਾਤੀ ਪਾਣੀ ਪਹਿਲਾਂ ਆਈ.ਆਈ.ਟੀ. ਰੂਪਨਗਰ ਵੱਲ ਹੋ ਕੇ ਸਤਲੁਜ ਦਰਿਆ ਵਿੱਚ ਡਿੱਗ ਜਾਂਦਾ ਸੀ ਪਰ ਪਿੰਡ ਦੇ ਲਹਿੰਦੇ ਪਾਸੇ ਕੁਝ ਡੀਲਰਾਂ ਨੇ ਬਿਨਾਂ ਕਿਸੇ ਮਹਿਕਮੇ ਤੋਂ ਮਨਜ਼ੂਰੀ ਲਏ ਕਲੋਨੀ ਕੱਟ ਦਿੱਤੀ ਤੇ ਪਲਾਟ ਵੇਚ ਕੇ ਤੁਰਦੇ ਬਣੇ। ਹੁਣ ਕਲੋਨੀ ਵਿੱਚ ਰਹਿਣ ਵਾਲੇ ਲੋਕਾਂ ਨੇ ਕਲੋਨੀ ਦਾ ਰਸਤਾ ਪਿੰਡ ਤੋਂ ਉੱਚਾ ਕਰ ਦਿੱਤਾ, ਜਿਸ ਕਰਕੇ ਪਿੰਡ ਖੈਰਾਬਾਦ ਦੇ ਪਾਣੀ ਦਾ ਨਿਕਾਸ ਰੁਕ ਗਿਆ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਹੋਈ ਬਰਸਾਤ ਦੌਰਾਨ ਪਿੰਡ ਦੇ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਵਿੱਚ ਇੰਨਾ ਪਾਣੀ ਜਮ੍ਹਾਂ ਹੋ ਗਿਆ ਕਿ ਸਕੂਲ ਦੇ ਅਧਿਆਪਕਾਂ ਤੇ ਬੱਚਿਆਂ ਨੂੰ ਟਰੈਕਟਰ ’ਤੇ ਬਿਠਾ ਕੇ ਸਕੂਲ ਵਿੱਚੋਂ ਬਾਹਰ ਕੱਢਣਾ ਪਿਆ। ਉਨ੍ਹਾਂ ਦੱਸਿਆ ਕਿ ਹੁਣ ਦੋਵੇਂ ਸਕੂਲਾਂ ਦਾ ਆਰਜ਼ੀ ਪ੍ਰਬੰਧ ਪਿੰਡ ਵਾਸੀਆਂ ਨੂੰ ਪਿੰਡ ਦੇ ਗੁਰਦੁਆਰੇ ਅਤੇ ਆਂਗਨਵਾੜੀ ਵਿੱਚ ਕਰਨਾ ਪਿਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪਿੰਡ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ।
ਅਧਿਕਾਰੀ ਮੌਕਾ ਵੇਖਣ ਤੋਂ ਇਲਾਵਾ ਕੁਝ ਨਹੀਂ ਕਰਦੇ: ਸਰਪੰਚ
ਪਿੰਡ ਦੀ ਸਰਪੰਚ ਪਰਮਜੀਤ ਕੌਰ ਨੇ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਸਕੂਲ ਦੇ ਅਧਿਆਪਕਾਂ ਨੂੰ ਟਰੈਕਟਰ ਦੀ ਮਦਦ ਨਾਲ ਪਾਣੀ ਵਿੱਚੋਂ ਕੱਢਣ ਦੀ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਕੀਤੇ ਜਾਣ ਉਪਰੰਤ ਪਿੰਡ ਦਾ ਮੌਕਾ ਤਾਂ ਕਈ ਅਧਿਕਾਰੀ ਦੇਖ ਗਏ ਹਨ, ਪਰ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ। ਸਗੋਂ ਵੱਖ ਵੱਖ ਵਿਭਾਗ ਇਕ ਦੂਜੇ ’ਤੇ ਜ਼ਿੰਮੇਵਾਰੀ ਸੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰੀ ਲਗਾ ਕੇ ਸਕੂਲ ਵਿੱਚ ਦਾਖਲ ਹੁੰਦਾ ਟੋਭੇ ਦਾ ਪਾਣੀ ਤਾਂ ਰੋਕ ਦਿੱਤਾ ਹੈ ਪਰ ਹੁਣ ਪਾਣੀ ਪਿੰਡ ਵਿੱਚ ਵੜਨਾ ਸ਼ੁਰੂ ਹੋ ਗਿਆ ਹੈ।
ਭਲਕੇ ਸਰਪੰਚ ਨਾਲ ਵਿਸਥਾਰਪੂਰਵਕ ਗੱਲ ਕਰਾਂਗੀ: ਬੀਡੀਪੀਓ
ਸਰਪੰਚ ਤੇ ਪਿੰਡ ਵਾਸੀਆਂ ਦੇ ਦੋਸ਼ਾਂ ਸਬੰਧੀ ਬੀਡੀਪੀਓ ਪਵਨਪ੍ਰੀਤ ਕੌਰ ਜੌਹਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪਿੰਡ ਖੈਰਾਬਾਦ ਦਾ ਮੌਕਾ ਵੇਖਣ ਸਮੇਂ ਸਰਪੰਚ ਪਰਮਜੀਤ ਕੌਰ ਨਾਲ ਖੁੱਲ੍ਹ ਕੇ ਗੱਲਬਾਤ ਨਹੀਂ ਹੋਈ ਤੇ ਉਹ ਭਲਕੇ ਫਿਰ ਖੈਰਾਬਾਦ ਜਾ ਕੇ ਸਰਪੰਚ ਅਤੇ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਕੇ ਸਮੱਸਿਆ ਦੇ ਪੱਕੇ ਹੱਲ ਦਾ ਰਾਹ ਤਲਾਸ਼ਣਗੇ।