ਪਾਲ ਸਿੰਘ ਨੌਲੀ
ਜਲੰਧਰ, 10 ਨਵੰਬਰ
ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਕਾਂਗਰਸੀ ਵਰਕਰਾਂ ਨੇ ਕਿਹਾ ਕਿ ਪਾਰਟੀ ਵਿੱਚ ਉਨ੍ਹਾਂ ਦਾ ਕੋਈ ਸਨਮਾਨ ਨਹੀਂ ਹੁੰਦਾ ਤੇ ਪਿਛਲੇ ਚਾਰ ਸਾਲਾਂ ਤੋਂ ਸੀਨੀਅਰ ਆਗੂ ਉਨ੍ਹਾਂ ਦੀ ਬਾਤ ਨਹੀਂ ਪੁੱਛ ਰਹੇ। ਕਾਂਗਰਸ ਭਵਨ ’ਚ ਪਾਰਟੀ ਵਰਕਰਾਂ ਨਾਲ ਗੱਲਬਾਤ ਕਰਨ ਲਈ ਪਹੁੰਚੇ ਹਰੀਸ਼ ਰਾਵਤ ਨੂੰ ਵਰਕਰਾਂ ਨੇ ਸੀਨੀਅਰ ਆਗੂਆਂ ਦੀ ਹਾਜ਼ਰੀ ’ਚ ਹੀ ਖ਼ਰੀਆਂ-ਖ਼ਰੀਆਂ ਸੁਣਾਈਆਂ। ਹਰੀਸ਼ ਰਾਵਤ ਨਾਲ ਹੀ ਬੈਠੇ ਚੌਧਰੀ ਸੰਤੋਖ ਸਿੰਘ ਵੱਲ ਇਸ਼ਾਰਾ ਕਰਦਿਆਂ ਪਾਰਟੀ ਵਰਕਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਅੱਜ ਵਾਲੀ ਮੀਟਿੰਗ ਬਾਰੇ ਦੱਸਿਆ ਤੱਕ ਨਹੀਂ ਸੀ ਗਿਆ। ਉਨ੍ਹਾਂ ਨੂੰ ਇੱਧਰੋਂ-ਉੱਧਰੋਂ ਇਸ ਦੀ ਖ਼ਬਰ ਮਿਲੀ ਤਾਂ ਉਹ ਇੱਥੇ ਪਹੁੰਚੇ ਹਨ। ਪਾਰਟੀ ਵਰਕਰਾਂ ਦਾ ਕਹਿਣਾ ਸੀ ਕਿ ਉਹ ਤਿੰਨ ਘੰਟਿਆਂ ਤੋਂ ਉਨ੍ਹਾਂ ਦੀ ਉਡੀਕ ’ਚ ਬੈਠੇ ਸਨ। ਸ਼ਿਕਾਇਤ ਕਰਨ ਵਾਲੇ ਪਾਰਟੀ ਵਰਕਰਾਂ ਨੇ ਕਿਹਾ ਕਿ ਜਦੋਂ ਪਾਰਟੀ ਸੱਤਾ ਵਿੱਚ ਆ ਜਾਂਦੀ ਹੈ ਤਾਂ ਫਿਰ ਸੀਨੀਅਰ ਆਗੂ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣਦੇ।
ਕਾਂਗਰਸੀ ਆਗੂ ਹਰੀਸ਼ ਰਾਵਤ ਨੇ ਸਪੱਸ਼ਟ ਕੀਤਾ ਕਿ ਉਹ ਪਾਰਟੀ ’ਚ ਅਹੁਦੇਦਾਰਾਂ ਨਾਲੋਂ ਵਰਕਰਾਂ ਨੂੰ ਵੱਧ ਤਰਜੀਹ ਦਿੰਦੇ ਹਨ। ਉਨ੍ਹਾਂ ਮੰਨਿਆ ਕਿ ਪੰਜਾਬ ਵਿੱਚ ਪਾਰਟੀ ਦੇ ਸੱਤਾ ’ਚ ਹੋਣ ਕਾਰਨ ਲਾਪ੍ਰਵਾਹੀਆਂ ਹੋਈਆਂ ਹਨ ਜਿਸ ਨਾਲ ਵਰਕਰਾਂ ਵਿੱਚ ਨਿਰਾਸ਼ਾ ਆਈ ਹੈ। ਸ੍ਰੀ ਰਾਵਤ ਨੇ ਬਿਹਾਰ ਚੋਣਾਂ ਦੇ ਨਤੀਜਿਆਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਚੋਣਾਂ ਦੇ ਵੱਖਰੇ ਮੁੱਦੇ ਹੋਣਗੇ। ਕਿਸਾਨਾਂ, ਗ਼ਰੀਬਾਂ ਅਤੇ ਮਜ਼ਦੂਰਾਂ ਵਿਰੁੱਧ ਕੇਂਦਰ ਸਰਕਾਰ ਵੱਲੋਂ ਲਏ ਜਾ ਰਹੇ ਫ਼ੈਸਲੇ ਕਾਂਗਰਸ ਦੇ ਚੋਣ ਮੁੱਦੇ ਹੋਣਗੇ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਕਾਂਗਰਸ ਨੂੰ ਇੱਕ ਵਾਰ ਫਿਰ ਸੱਤਾ ਸੌਂਪਣਗੇ ਕਿਉਂਕਿ ਇੱਥੇ ਰਾਜਨੀਤਕ ਸਥਿਰਤਾ ਹੈ।
ਇਸ ਤੋਂ ਪਹਿਲਾਂ ਅੱਜ ਨਕੋਦਰ ਵਿਧਾਨ ਸਭਾ ਹਲਕੇ ਵਿੱਚ ਟਰੈਕਟਰ ਰੈਲੀ ਕੱਢੀ ਗਈ। ਆਪਣੇ ਮਿੱਥੇ ਸਮੇਂ ਤੋਂ ਦੋ ਘੰਟੇ ਦੇਰੀ ਨਾਲ ਪੁੱਜੇ ਹਰੀਸ਼ ਰਾਵਤ ਨੇ ਟਰੈਕਟਰ ਰੈਲੀ ਨਕੋਦਰ ਤੋਂ ਸ਼ੁਰੂ ਕਰ ਕੇ ਵਾਇਆ ਨੂਰਮਹਿਲ ਹੁੰਦੇ ਹੋਏ ਤਲਵਣ ਕਸਬੇ ਵਿੱਚ ਜਾ ਕੇ ਇਹ ਰੈਲੀ ਸਮਾਪਤ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਨਕੋਦਰ ਵਿਧਾਨ ਸਭਾ ਹਲਕੇ ਦੇ ਇੰਚਾਰਜ ਜਗਬੀਰ ਸਿੰਘ ਬਰਾੜ ਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ। ਟਰੈਕਟਰ ਰੈਲੀ ਦੌਰਾਨ ਜਗਬੀਰ ਬਰਾੜ ਟਰੈਕਟਰ ਚਲਾ ਰਹੇ ਸਨ ਜਦਕਿ ਟਰੈਕਟਰ ਦੇ ਇੱਕ ਪਾਸੇ ਹਰੀਸ਼ ਰਾਵਤ ਤੇ ਦੂਜੇ ਪਾਸੇ ਚੌਧਰੀ ਸੰਤੋਖ ਸਿੰਘ ਬੈਠੇ ਸਨ।
ਪਾਰਟੀ ਵਰਕਰਾਂ ਦੀ ਗੱਲ ਜ਼ਿਆਦਾ ਸੁਣੀ ਜਾਵੇ: ਹੈਨਰੀ
ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਅਵਤਾਰ ਹੈਨਰੀ ਨੇ ਹਰੀਸ਼ ਰਾਵਤ ਦੀ ਹਾਜ਼ਰੀ ’ਚ ਕਿਹਾ ਕਿ ਪਾਰਟੀ ਵਰਕਰਾਂ ਦੀ ਗੱਲ ਜ਼ਿਆਦਾ ਸੁਣੀ ਜਾਵੇ। ਜਿਹੜੇ ਲੋਕ ਦੂਜੀਆਂ ਪਾਰਟੀਆਂ ’ਚੋਂ ਆਉਂਦੇ ਹਨ, ਉਨ੍ਹਾਂ ਦੀ ਵੁੱਕਤ ਜ਼ਿਆਦਾ ਪੈ ਜਾਂਦੀ ਹੈ ਤੇ ਕਈ ਅਜਿਹੇ ਆਗੂ ਹਨ ਜਿਨ੍ਹਾਂ ਦਾ ਪਾਰਟੀ ਵਰਕਰਾਂ ਵਿੱਚ ਕੋਈ ਜਨ ਆਧਾਰ ਨਹੀਂ ਹੁੰਦਾ, ਪਰ ਉਹ ਦਿੱਲੀਓਂ ਟਿਕਟ ਲੈ ਆਉਂਦੇ ਹਨ। ਉਨ੍ਹਾਂ ਸ੍ਰੀ ਰਾਵਤ ਨੂੰ ਕਿਹਾ ਕਿ ਅਜਿਹੇ ਆਗੂਆਂ ਤੋਂ ਦਿੱਲੀ ਵਿੱਚ ਗੁਲਦਸਤੇ ਫੜਨੇ ਬੰਦ ਕੀਤੇ ਜਾਣ।
ਕਿਸਾਨਾਂ ਨੂੰ ਕਾਲੇ ਕਾਨੂੰਨਾਂ ਖ਼ਿਲਾਫ਼ ਇੱਕਮੁਠ ਹੋਣ ਦਾ ਸੱਦਾ
ਫਿਲੌਰ (ਸਰਬਜੀਤ ਗਿੱਲ): ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦਾ ਅੱਜ ਇੱਥੇ ਪਹੁੰਚਣ ‘ਤੇ ਜਲੰਧਰ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਤੇ ਹਲਕਾ ਇੰਚਾਰਜ ਵਿਕਰਮਜੀਤ ਸਿੰਘ ਚੌਧਰੀ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸ੍ਰੀ ਰਾਵਤ ਨੇ ਮੋਦੀ ਸਰਕਾਰ ਵੱਲੋਂ ਲਿਆਂਦੇ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ ਅਤੇ ਕਿਸਾਨਾਂ ਦਾ ਸਾਥ ਦੇਣ ਲਈ ਇੱਕਮੁੱਠ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਵਰਕਰਾਂ ’ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ। ਇਸ ਮੌਕੇ ਸੰਤੋਖ ਸਿੰਘ ਚੌਧਰੀ ਨੇ ਕਿਹਾ ਕਿ ਕਿਸਾਨਾਂ ਦੇ ਨਾਲ-ਨਾਲ ਹੋਰਨਾਂ ਵਰਗਾਂ ’ਚ ਵੀ ਬਿੱਲ ਨੂੰ ਲੈ ਕੇ ਕਾਫ਼ੀ ਵਿਰੋਧ ਹੈ, ਜਿਸ ਦਾ ਪ੍ਰਗਟਾਵਾ ਅਗਲੀਆਂ ਚੋਣਾਂ ਦੌਰਾਨ ਵੀ ਹੋਵੇਗਾ।