ਪੱਤਰ ਪ੍ਰੇਰਕ
ਕਾਹਨੂੰਵਾਨ, 2 ਦਸੰਬਰ
ਪੰਜਾਬ ਕਾਂਗਰਸ ਵੱਲੋਂ ਹਲਕਾ ਕਾਦੀਆਂ ਦੇ ਕਸਬਾ ਕਾਹਨੂੰਵਾਨ ਤੋਂ ਚੋਣ ਰੈਲੀਆਂ ਆਰੰਭ ਦਿੱਤੀਆਂ ਗਈਆਂ ਹਨ। ਮਾਝੇ ਦੀ ਧਰਤੀ ਤੋਂ ਦਾਣਾ ਮੰਡੀ ਕਾਹਨੂੰਵਾਨ ਵਿੱਚ ਅੱਜ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਚੋਣ ਰੈਲੀ ਕਰਵਾ ਕੇ ਇਸ ਦਾ ਆਗਾਜ਼ ਕੀਤਾ। ਰੈਲੀ ਦੀ ਪ੍ਰਧਾਨਗੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕੀਤੀ। ਇਸ ਮੌਕੇ ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਕਿਸਾਨੀ ਅਤੇ ਨੌਜਵਾਨ ਵਰਗ ਨੂੰ ਬਚਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਪਰਮਾਤਮਾ ਨੇ ਉਨ੍ਹਾਂ ਨੂੰ ਤਾਕਤ ਬਖ਼ਸ਼ੀ ਹੈ ਤਾਂ ਉਹ ਨੌਜਵਾਨਾਂ ਨੂੰ ਰੁਜ਼ਗਾਰ ਦੇ ਕੇ ਅਤੇ ਕਿਸਾਨੀ ਨੂੰ ਕੋਆਪ੍ਰੇਟਿਵ ਸਿਸਟਮ ਅਧੀਨ ਲਿਆ ਕੇ ਸਮੁੱਚੇ ਕਿਸਾਨ ਵਰਗ ਨੂੰ ਕਾਰਪੋਰੇਟ ਘਰਾਣਿਆਂ ਦੇ ਜੰਜਾਲ ਤੋਂ ਮੁਕਤ ਕਰਾਉਣਗੇ। ਸ੍ਰੀ ਸਿੱਧੂ ਨੇ ਐਲਾਨ ਕੀਤਾ ਕਿ ਗੰਨਾ ਕਾਸ਼ਤਕਾਰਾਂ ਦੀ ਅਦਾਇਗੀ ਹੁਣ 325 ਜਮ੍ਹਾਂ 35 ਰੁਪਏ ਹਿਸਾਬ ਨਾਲ ਨਹੀਂ ਹੋਵੇਗੀ, ਸਗੋਂ ਇਕੋ ਵਾਰ ਖਾਤਿਆਂ ਵਿੱਚ 360 ਰੁਪਏ ਪਾਏ ਜਾਣਗੇ। ਉਨ੍ਹਾਂ ਕਿਹਾ, ‘ਜੇਕਰ ਅਜਿਹਾ ਨਹੀਂ ਹੁੰਦਾ ਤਾਂ ਮੈਨੂੰ ਫੜ ਲਿਓ। ਮੈਂ ਮੁੜ ਕਿਸਾਨਾਂ ਨੂੰ ਮੂੰਹ ਨਹੀਂ ਦਿਖਾਵਾਂਗਾ।’
ਸ੍ਰੀ ਸਿੱਧੂ ਨੇ ਰਵਾਇਤੀ ਵਿਰੋਧੀ ਅਕਾਲੀਆਂ ਨਾਲੋਂ ਕੇਜਰੀਵਾਲ ਅਤੇ ‘ਆਪ’ ’ਤੇ ਵਧੇਰੇ ਨਿਸ਼ਾਨੇ ਸੇਧੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਗਾਰੰਟੀਆਂ ਦੇ ਸਬਜ਼ਬਾਗ ਦਿਖਾਏ ਜਾ ਰਹੇ ਹਨ, ਜਦਕਿ ਦਿੱਲੀ ਵਿੱਚ ਇੱਕ ਵੀ ਔਰਤ ਨੂੰ ਪੈਨਸ਼ਨ ਨਹੀਂ ਦਿੱਤੀ ਗਈ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਅੱਜ ਦਾ ਇਹ ਇਕੱਠ ਪੰਜਾਬ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਦਾ ਸਬੂਤ ਹੈ। ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਦੀ ਤੀਜੀ ਪੀੜ੍ਹੀ ਕਾਂਗਰਸ ਦੇ ਨਾਲ ਜੁੜੀ ਹੋਈ ਹੈ। ਹਲਕਾ ਕਾਦੀਆਂ ਦੇ ਵੋਟਰਾਂ ਨੇ ਹਮੇਸ਼ਾ ਬਾਜਵਾ ਪਰਿਵਾਰ ਨੂੰ ਵੱਡੀਆਂ ਜਿੱਤਾਂ ਦਾ ਮਾਣ ਦਿੱਤਾ ਹੈ। ਇਸ ਮੌਕੇ ਜਾਟ ਮਹਾਸਭਾ ਦੇ ਹਰਪਾਲ ਸਿੰਘ ਹਰਪੁਰਾ ਨੇ ਨਵਜੋਤ ਸਿੰਘ ਸਿੱਧੂ ਨੂੰ ਸ੍ਰੀ ਸਾਹਿਬ ਤੇ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਟੇਜ ਉੱਪਰ ਸਾਬਕਾ ਮੰਤਰੀ ਸੁਸ਼ੀਲਾ ਮਹਾਜਨ, ਮਨੋਹਰ ਲਾਲ ਸੁਰੀਲਾ, ਸਾਬਕਾ ਮੰਤਰੀ ਰਮਨ ਭੱਲਾ, ਸੁਖਜਿੰਦਰ ਸਿੰਘ ਉਪ ਪ੍ਰਧਾਨ ਪ੍ਰਦੇਸ਼ ਕਾਂਗਰਸ ਤੇ ਚੇਅਰਮੈਨ ਜਸਬੀਰ ਸਿੰਘ ਢੀਂਡਸਾ ਹਾਜ਼ਰ ਸਨ।