ਜੋਗਿੰਦਰ ਸਿੰਘ ਮਾਨ
ਮਾਨਸਾ, 11 ਸਤੰਬਰ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੁੱਤ ਨੂੰ ਗੈਂਗਸਟਰਾਂ ਨੇ ਬਗ਼ੈਰ ਕਸੂਰ ਤੋਂ ਗੋਲੀ ਮਾਰ ਕੇ ਕਤਲ ਕੀਤਾ ਹੈ। ਸਰਕਾਰ ਅਜਿਹੇ ਗੈਂਗਸਟਰਾਂ ਨੂੰ ਸਜ਼ਾਂਵਾਂ ਦੇਣ ਦੀ ਬਜਾਏ ਉਨ੍ਹਾਂ ਨੂੰ ਸੁਰੱਖਿਆ ਦੇ ਰਹੀ ਹੈ। ਦੀਪਕ ਮੁੰਡੀ ਅਤੇ ਉਸ ਦੇ ਸਾਥੀਆਂ ਦਾ ਫੜੇ ਜਾਣਾ ਕੋਈ ਵੱਡੀ ਗੱਲ ਨਹੀਂ ਹੈ, ਜਦੋਂ ਤੱਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਸਾਜਿਸ਼ਘਾੜੇ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਨੂੰ ਫਾਂਸੀ ਨਹੀਂ ਲੱਗਦੀ, ਉਦੋਂ ਤੱਕ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਣੀ। ਅੱਜ ਪਿੰਡ ਮੂਸਾ ਵਿਖੇ ਮਿਲਣ ਆਏ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਕਿਹਾ ਕਿ ਗੈਂਗਸਟਰ ਕਾਨੂੰਨ ਦਾ ਭੇਤ ਪਾ ਚੁੱਕੇ ਹਨ ਜਿਨ੍ਹਾਂ ’ਤੇ ਪਹਿਲਾਂ ਹੀ 100-100 ਪਰਚੇ ਦਰਜ ਹਨ। ਕਤਲ ਕਰਨੇ, ਧਮਕੀਆਂ ਦੇਣੀਆਂ ਅਤੇ ਫਿਰੌਤੀਆਂ ਮੰਗਣਾ ਉਨ੍ਹਾਂ ਦਾ ਧੰਦਾ ਹੈ ਅਤੇ ਆਮ ਲੋਕਾਂ ਵਿਚ ਖੌਫ ਪੈਦਾ ਕਰਕੇ ਉਹ ਸਰਕਾਰਾਂ ਦੇ ਬਰਾਬਰ ਆਪਣੀਆਂ ਸਰਕਾਰਾਂ ਚਲਾ ਰਹੇ ਹਨ। ਉਨ੍ਹਾਂ ਕਿਹਾ ਨੇ ਕਿਹਾ ਕਿ ਸਰਕਾਰ ਦੱਸੇ ਕਿ ਜੁਲਮ ਦੀ ਹੱਦ ਕਰਨ ਵਾਲੇ ਇਨ੍ਹਾਂ ਗੈਂਗਸਟਰਾਂ ਨੂੰ ਇੰਨੀ ਸੁਰੱਖਿਆ ਕਿਸ ਲਈ ਦਿੱਤੀ ਹੈ। ਬਲਕੌਰ ਸਿੰਘ ਨੇ ਕਿਹਾ ਕਿ ਉਹ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਥੋੜ੍ਹਾ ਸਮਾਂ ਹੋਰ ਦਿੰਦੇ ਹਨ ਜੇ ਫਿਰ ਵੀ ਗੱਲ ਨਾ ਬਣੀ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।