ਨਿੱਜੀ ਪੱਤਰ ਪ੍ਰੇਰਕ
ਜਲੰਧਰ, 21 ਜਨਵਰੀ
ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਸੁਲਤਾਨਪੁਰ ਲੋਧੀ ਦੇ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦਾ ਪੁੱਤਰ ਆਜ਼ਾਦ ਉਮੀਦਵਾਰ ਵਜੋਂ ਚੋਣ ਹਾਰ ਗਿਆ ਤਾਂ ਕਪੂਰਥਲਾ ਤੋਂ ਚੋਣ ਜਿੱਤਣ ਦੇ ਬਾਵਜੂਦ ਸਿਆਸਤ ਛੱਡ ਦੇਣਗੇ। ਸੁਲਤਾਨਪੁਰ ਲੋਧੀ ’ਚ ਆਜ਼ਾਦ ਚੋਣ ਲੜ ਰਹੇ ਆਪਣੇ ਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਦੇ ਹੱਕ ਵਿੱਚ ਰਾਣਾ ਗੁਰਜੀਤ ਸਿੰਘ ਨੇ ਕਾਂਗਰਸ ਦੇ ਉਮੀਦਵਾਰ ਤੇ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਪਿੰਡ ਬੂਸੋਵਾਲ ਜਾ ਕੇ ਸਿੱਧੀ ਚੁਣੌਤੀ ਦਿੱਤੀ। ਰਾਣਾ ਗੁਰਜੀਤ ਸਿੰਘ ਨੇ ਵਿਧਾਇਕ ਨਵਤੇਜ ਸਿੰਘ ਚੀਮਾ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਪੰਜ ਸਾਲਾਂ ਤੱਕ ਲੋਕਾਂ ਨੂੰ ਰੱਜ ਕੇ ਲੁੱਟਿਆ। ਨਵਤੇਜ ਸਿੰਘ ਚੀਮਾ ਨੇ ਵੀ ਰਾਣਾ ਗੁਰਜੀਤ ਸਿੰਘ ਨੂੰ ਚੁਣੌਤੀ ਦਿੱਤੀ ਕਿ ਉਹ ਆਪਣੇ ਪਿੰਡ ਬੂਸੋਵਾਲ ਵਿੱਚੋਂ 150 ਵੋਟਾਂ ਦੀ ਲੀਡ ਲਿਜਾਣਗੇ, ਜਦਕਿ ਰਾਣਾ ਗੁਰਜੀਤ ਸਿੰਘ ਨੇ ਦਾਅਵਾ ਕੀਤਾ ਕਿ ਸੁਲਤਾਨਪੁਰ ਲੋਧੀ ਹਲਕੇ ਤੋਂ ਨਵਤੇਜ ਚੀਮਾ ਦੀ ਜ਼ਮਾਨਤ ਜ਼ਬਤ ਹੋ ਜਾਵੇਗੀ। ਦੋਵਾਂ ਆਗੂਆਂ ਨੇ ਇਕ-ਦੂਜੇ ਨੂੰ ਲੁਟੇਰੇ ਦੱਸਿਆ।