ਚੰਡੀਗੜ੍ਹ (ਟਨਸ): ਪੰਜਾਬ ਵਿਚ ਕੋਵਿਡ ਦੀ ਦੂਜੀ ਲਹਿਰ ਦੌਰਾਨ ਅਗਲੇ ਹਫ਼ਤੇ ਤੱਕ ਕੋਵਿਡ ਕੇਸਾਂ ਵਿਚ ਕੋਈ ਸੁਧਾਰ ਨਾ ਹੋਇਆ ਤਾਂ ਪੰਜਾਬ ਵਿੱਚ ਸਖ਼ਤ ਬੰਦਿਸ਼ਾਂ ਲੱਗਣਗੀਆਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਬਾਰੇ ਕਿਹਾ ਕਿ ਰਾਜ ਵਿਚ ਕੋਵਿਡ ਦੀ ਸਥਿਤੀ ਕਾਫੀ ਨਾਜ਼ੁਕ ਦੌਰ ਵਿੱਚ ਪੁੱਜ ਗਈ ਹੈ। ਮੁੱਖ ਮੰਤਰੀ ਨੇ ਸਿਹਤ, ਪ੍ਰਸ਼ਾਸਨਿਕ ਤੇ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨਾਲ ਕੀਤੀ ਵਰਚੁਅਲ ਮੀਟਿੰਗ ਵਿੱਚ ਕਿਹਾ ਕਿ ਕੋਵਿਡ ਦੀ ਸਥਿਤੀ ਦੀ ਮੁੜ ਸਮੀਖਿਆ 8 ਅਪਰੈਲ ਨੂੰ ਕੀਤੀ ਜਾਵੇਗੀ ਅਤੇ ਜੇ ਕੋਵਿਡ ਦਾ ਵਾਧਾ ਬੇਕਾਬੂ ਰਿਹਾ ਤਾਂ ਹੋਰ ਬੰਦਿਸ਼ਾਂ ਲਗਾਈਆਂ ਜਾ ਸਕਦੀਆਂ ਹਨ। ਮੁੱਖ ਮੰਤਰੀ ਨੇ ਆਉਣ-ਜਾਣ ਵਾਲਿਆਂ ਨੂੰ ਪੇਸ਼ ਆ ਰਹੀ ਪ੍ਰੇਸ਼ਾਨੀ ਦਾ ਨੋਟਿਸ ਲੈਂਦਿਆਂ ਸ਼ਨਿਚਰਵਾਰ ਨੂੰ ਕੋਵਿਡ ਯੋਧਿਆਂ ਲਈ ਇਕ ਘੰਟੇ ਦੇ ਰੱਖੇ ਜਾਂਦੇ ਮੌਨ ਕਾਲ ਨੂੰ ਵੀ ਖ਼ਤਮ ਕਰਨ ਦੇ ਆਦੇਸ਼ ਦਿੱਤੇ। ਕੈਪਟਨ ਅਮਰਿੰਦਰ ਸਿੰਘ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੋਵਿਡ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਮੁਹੱਲਾ ਪੱਧਰ ’ਤੇ ਯੋਗ ਲੋਕਾਂ ਤੱਕ ਪਹੁੰਚ ਬਣਾਈ ਜਾਵੇ। ਉਨ੍ਹਾਂ ਬੁਰੀ ਤਰ੍ਹਾਂ ਗ੍ਰਸਤ ਸ਼ਹਿਰਾਂ ਵਿੱਚ ਕੋਵਿਡ ਇਹਤਿਆਤਾਂ ਅਤੇ ਪ੍ਰੋਟੋਕਲ ਦੀ ਸਖਤੀ ਨਾਲ ਪਾਲਣਾ ਕਰਨ ਦੇ ਆਦੇਸ਼ ਵੀ ਦਿੱਤੇ।
ਮਾਹਿਰਾਂ ਦੀ ਕਮੇਟੀ ਦੇ ਚੇਅਰਮੈਨ ਡਾ. ਕੇ.ਕੇ. ਤਲਵਾੜ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚ ਜਿੱਥੇ ਕਿਤੇ ਵੱਧ ਕੇਸ ਸਾਹਮਣੇ ਆ ਰਹੇ ਹਨ, ਹੋਰ ਬੰਦਿਸ਼ਾਂ ਲਾਗੂ ਕਰਨ ਦੀ ਲੋੜ ਹੈ। ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ 19 ਮਾਰਚ ਤੋਂ ਬਿਨਾ ਮਾਸਕ ਤੁਰਨ-ਫਿਰਨ ਵਾਲੇ 1.30 ਲੱਖ ਲੋਕਾਂ ਦੇ ਆਰਟੀ-ਪੀਸੀਆਰ ਟੈਸਟ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 391 ਪਾਜ਼ੇਟਿਵ ਪਾਏ ਗਏ ਹਨ।
ਡਾ. ਤਲਵਾੜ ਨੇ ਕਿਹਾ ਕਿ ਸੂਬੇ ਵਿੱਚ ਮਰੀਜ਼ ਸਮੇਂ ਸਿਰ ਹਸਪਤਾਲ ਨਹੀਂ ਜਾਂਦੇ ਅਤੇ ਸਹਿ ਬਿਮਾਰੀਆਂ ਦੀ ਵੀ ਉੱਚ ਦਰ ਹੈ। ਮਰਨ ਵਾਲਿਆਂ ਵਿੱਚੋਂ 80-85 ਫੀਸਦੀ ਮਰੀਜ਼ ਗੰਭੀਰ ਬਿਮਾਰੀਆਂ ਤੋਂ ਪੀੜਤ ਸਨ। ਮੁੱਖ ਮੰਤਰੀ ਨੇ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਕਿ ਸਹਿ ਬਿਮਾਰੀਆਂ ਵਾਲਿਆਂ ਨੂੰ ਜਲਦੀ ਤੋਂ ਜਲਦੀ ਹਸਪਤਾਲ ਲਿਜਾਣ ਅਤੇ ਘਰਾਂ ਵਿੱਚ ਇਕਾਂਤਵਾਸ ਲੋਕਾਂ ਦੀ ਸਖ਼ਤ ਨਿਗਰਾਨੀ ਲਈ ਮਜ਼ਬੂਤ ਪ੍ਰਣਾਲੀ ਵਿਕਸਤ ਕੀਤੀ ਜਾਵੇ। ਉਨ੍ਹਾਂ ਇਕ ਵਾਰ ਫਿਰ ਸਾਰੇ ਧਾਰਮਿਕ ਤੇ ਸਿਆਸੀ ਆਗੂਆਂ ਨੂੰ ਅਪੀਲ ਕੀਤੀ ਕਿ ਸੂਬੇ ਦੇ ਲੋਕਾਂ ਦੀ ਭਲਾਈ ਲਈ ਕੋਵਿਡ ਇਹਤਿਆਤ ਦਾ ਢੁੱਕਵਾਂ ਵਿਵਹਾਰ ਉਤਸ਼ਾਹਿਤ ਕੀਤਾ ਜਾਵੇ।
ਪੰਜਾਬ ਵਿੱਚ 56 ਹੋਰ ਮੌਤਾਂ, 2452 ਨਵੇਂ ਕੇਸ
ਚੰਡੀਗੜ੍ਹ (ਟਨਸ): ਪੰਜਾਬ ਵਿੱਚ ਅੱਜ ਕਰੋਨਾਵਾਇਰਸ ਕਾਰਨ 56 ਹੋਰ ਮੌਤਾਂ ਹੋ ਗਈਆਂ ਜਿਸ ਕਾਰਨ ਰਾਜ ’ਚ ਇਸ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 6868 ਹੋ ਗਈ ਹੈ। ਇਸ ਤੋਂ ਇਲਾਵਾ ਸੂਬੇ ਵਿੱਚ ਅੱਜ ਕਰੋਨਾਵਾਇਰਸ ਦੇ 2452 ਨਵੇਂ ਕੇਸ ਸਾਹਮਣੇ ਆਏ ਹਨ ਜਿਸ ਨਾਲ ਸੂਬੇ ਵਿੱਚ ਕੁੱਲ ਕੇਸਾਂ ਦੀ ਗਿਣਤੀ 2,39,734 ਹੋ ਗਈ ਹੈ। ਸੂਬੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 23,832 ਤੱਕ ਪਹੁੰਚ ਗਈ ਹੈ। ਅੱਜ ਜਲੰਧਰ ਵਿੱਚ ਸਭ ਤੋਂ ਵੱਧ 343, ਲੁਧਿਆਣਾ ’ਚ 328, ਅੰਮ੍ਰਿਤਸਰ ਵਿੱਚ 296 ਤੇ ਮੁਹਾਲੀ ਵਿੱਚ 254 ਨਵੇਂ ਕੇਸ ਸਾਹਮਣੇ ਆਏ ਹਨ।