ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 20 ਜਨਵਰੀ
ਪਿੰਡ ਜਸਤਰਵਾਲ ਦੇ ਗੁਰਦੁਆਰਾ ਨਾਨਕਸਰ ’ਚ ਪੰਜ ਜਨਵਰੀ ਨੂੰ ਵਾਪਰੀ ਬੇਅਦਬੀ ਦੀ ਘਟਨਾ ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮ ਦੀ ਸ਼ਨਾਖਤ ਉਸ ਦੇ ਪਿਤਾ ਤੇ ਰਿਸ਼ਤੇਦਾਰ ਵੱਲੋਂ ਕੀਤੀ ਗਈ ਹੈ। ਇਸ ਦਾ ਖ਼ੁਲਾਸਾ ਜ਼ਿਲ੍ਹਾ ਦਿਹਾਤੀ ਪੁਲੀਸ ਦੇ ਸਾਬਕਾ ਐੱਸਐੱਸਪੀ ਰਕੇਸ਼ ਕੌਸ਼ਲ ਨੇ ਕੀਤਾ ਹੈ। ਉਨ੍ਹਾਂ ਦਾ ਕੱਲ੍ਹ ਹੀ ਇੱਥੋਂ ਤਬਾਦਲਾ ਹੋਇਆ ਹੈ। ਅਹੁਦਾ ਛੱਡਣ ਤੋਂ ਪਹਿਲਾਂ ਉਨ੍ਹਾਂ ਇਸ ਬਾਰੇ ਖ਼ੁਲਾਸਾ ਕੀਤਾ ਹੈ।
ਐੱਸਪੀ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਇਸ ਵਿਅਕਤੀ ਦੀ ਸ਼ਨਾਖ਼ਤ ਜੇਨਾਰੁਲ ਹੱਕ ਪੁੱਤਰ ਰਫੀਕ ਉੱਲ ਇਸਲਾਮ ਵਾਸੀ ਸ਼ਹਬਿਾਜ਼ਪੁਰ, ਚਰਖਾਤੋਲਾ (ਪੱਛਮੀ ਬੰਗਾਲ) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਪਿਤਾ ਅਤੇ ਚਚੇਰੇ ਭਰਾ ਨੇ ਇੱਥੇ ਆ ਕੇ ਉਸ ਦੀ ਸ਼ਨਾਖਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜੇਨਾਰੁਲ ਜਦੋਂ 16-17 ਵਰ੍ਹਿਆਂ ਦਾ ਸੀ ਤਾਂ ਘਰ ਛੱਡ ਕੇ ਚਲਾ ਗਿਆ ਸੀ। ਪਿਛਲੇ 7-8 ਵਰ੍ਹਿਆਂ ਤੋਂ ਉਹ ਲਾਪਤਾ ਸੀ। ਉਨ੍ਹਾਂ ਪੁਲੀਸ ਨੂੰ ਦੱਸਿਆ ਕਿ ਸ਼ੁਰੂ ਤੋਂ ਹੀ ਮਾਨਸਿਕ ਹਾਲਤ ਠੀਕ ਨਹੀਂ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ ’ਤੇ ਵੀ ਇਸ ਦੀ ਮੈਡੀਕਲ ਜਾਂਚ ਕਰਾਈ ਹੈ ਅਤੇ ਰਿਪੋਰਟ ਵਿਚ ਉਸ ਦੀ ਮਾਨਸਿਕ ਹਾਲਤ ਠੀਕ ਨਾ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਉਸ ਨੇ ਬੇਅਦਬੀ ਘਟਨਾ ਕਿਸੇ ਸਾਜ਼ਿਸ਼ ਤਹਿਤ ਜਾਂ ਜਾਣਬੁਝ ਕੇ ਨਹੀਂ ਕੀਤੀ। ਮੁਲਜ਼ਮ ਦੀ ਗ੍ਰਾਮ ਪੰਚਾਇਤ ਵੱਲੋਂ ਭੇਜਿਆ ਇੱਕ ਸਰਟੀਫਿਕੇਟ ਵੀ ਉਸ ਦੀ ਸ਼ਨਾਖ਼ਤ ਦੀ ਪੁਸ਼ਟੀ ਕਰਦਾ ਹੈ।
ਇਸ ਵਿਅਕਤੀ ਨੇ ਗੁਰਦੁਆਰੇ ਵਿਚ ਪਾਵਨ ਸਰੂਪ ਨੂੰ ਹੋਰ ਥਾਂ ਰੱਖ ਦਿੱਤਾ ਸੀ ਅਤੇ ਕਈ ਧਾਰਮਿਕ ਚਿੰਨ੍ਹ ਤੇ ਸਾਜ਼ੋ-ਸਾਮਾਨ ਗੁਰਦੁਆਰੇ ਤੋਂ ਬਾਹਰ ਲੈ ਆਇਆ ਸੀ। ਲੋਕਾਂ ਨੇ ਇਸ ਨੂੰ ਕਾਬੂ ਕਰ ਲਿਆ ਸੀ।