ਸਰਬਜੀਤ ਿਸੰਘ ਭੰਗੂ
ਪਟਿਆਲਾ, 24 ਜੁਲਾਈ
ਆਈਸੀਐੱਸਈ ਦੇ ਬਾਰ੍ਹਵੀਂ ਜਮਾਤ ਦੇ ਅੱਜ ਆਏ ਨਤੀਜੇ ਵਿੱਚ ਪਟਿਆਲਾ ਦੀਆਂ ਦੋ ਵਿਦਿਆਰਥਣਾਂ ਨੇ ਸਾਂਝੇ ਤੌਰ ’ਤੇ ਪੰਜਾਬ ਵਿੱਚੋਂ ਪਹਿਲਾ ਤੇ ਦੇਸ਼ ’ਚੋਂ ਦੂਜਾ ਰੈਂਕ ਹਾਸਲ ਕੀਤਾ ਹੈ। 99.50 ਫੀਸਦ ਅੰਕ ਹਾਸਲ ਕਰਨ ਵਾਲੀਆਂ ਇਨ੍ਹਾਂ ਦੋਵੇਂ ਵਿਦਿਆਰਥਣਾਂ ਵਿੱਚੋਂ ਯੁਵਨੂਰ ਕੌਰ ਢਿੱਲੋਂ ਨੇ ਆਰਟਸ ਸਟਰੀਮ ਵਿੱਚ ਤੇ ਜੁਆਏ ਜੈਸਮੀਨ ਕੌਰ ਨੇ ਸਾਇੰਸ ਸਟਰੀਮ ਵਿੱਚ ਪ੍ਰੀਖਿਆ ਦਿੱਤੀ ਸੀ। ਯੁਵਨੂਰ ਕੌਰ ਸਥਾਨਕ ਯਾਦਵਿੰਦਰਾ ਪਬਲਿਕ ਸਕੂਲ ਤੇ ਜੁਆਏ ਜੈਸਮੀਨ ਕੌਰ ਬ੍ਰਿਟਿਸ਼ ਕੋ-ਐੱਡ ਹਾਈ ਸਕੂਲ ਦੀ ਵਿਦਿਆਰਥਣ ਹੈ। ਦੋਵੇਂ ਵਿਦਿਆਰਥੀਣਾਂ ਨੇ ਸੂਬਾ ਪੱਧਰ ’ਤੇ ਪਹਿਲਾ ਅਤੇ ਦੇਸ਼ ਪੱਧਰ ’ਤੇ ਦੂਜਾ ਸਥਾਨ ਹਾਸਲ ਕਰਕੇ ਆਪਣੇ ਮਾਤਾ-ਪਿਤਾ, ਸਕੂਲ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ।
ਬ੍ਰਿਟਿਸ਼ ਕੋ-ਐੱਡ ਹਾਈ ਸਕੂਲ ਦੇ ਵਿਦਿਆਰਥੀ ਰਿਪਨਜੀਤ ਸਿੰਘ ਤੂਰ ਨੇ 98.25 ਫੀਸਦ ਅੰਕਾਂ ਨਾਲ ਪੰਜਾਬ ਵਿੱਚੋਂ ਦੂਜਾ ਤੇ ਦੇਸ਼ ਭਰ ’ਚੋਂ ਤੀਜਾ ਰੈਂਕ ਹਾਸਲ ਕੀਤਾ ਹੈ। ਜ਼ਿਕਰਯੋਗ ਹੈ ਕਿ ਰਾਜਪੁਰਾ ਨੇੜੇ ਪੈਂਦੇ ਪਿੰਡ ਨੱਥੂਮਾਜਰਾ ਦੀ ਮੂਲ ਨਿਵਾਸੀ ਜੁਆਏ ਜੈਸਮੀਨ ਕੌਰ ਪਟਿਆਲਾ ਸ਼ਹਿਰ ਦੇ ਗੁਰੂ ਨਾਨਕ ਨਗਰ ਦੀ ਵਸਨੀਕ ਹੈ। ਉਸ ਦੇ ਪਿਤਾ ਜਸਬੀਰ ਸਿੰਘ ਇੱਥੇ ਡੀਸੀ ਦਫਤਰ ਪਟਿਆਲਾ ’ਚ ਮੁਲਾਜ਼ਮ ਤੇ ਮਾਤਾ ਨਰਿੰਦਰਪਾਲ ਕੌਰ ਐੱਮਐੱਸਈ/ਬੀਐੱਡ ਹੈ ਤੇ ਘਰੇਲੂ ਔਰਤ ਹੈ। ਜੈਸਮੀਨ ਕੌਰ ਸਾਫਟਵੇਅਰ ਇੰਜਨੀਅਰ ਬਣਨਾ ਚਾਹੁੰਦੀ ਹੈ। ਆਫੀਸਰ ਕਲੋਨੀ ਪਟਿਆਲਾ ਦੀ ਰਹਿਣ ਵਾਲੀ ਯੁਵਨੂਰ ਕੌਰ ਢਿੱਲੋਂ ਕੌਮੀ ਪੱਧਰ ਦੀ ਸ਼ੂਟਰ ਹੈ। ਉਸ ਨੇ 2010 ’ਚ ਪੰਜਾਬ ਵਿੱਚੋਂ ਗੋਲਡ ਮੈਡਲ ਹਾਸਲ ਕੀਤਾ ਸੀ ਤੇ ਉਹ ਕੌਮੀ ਮੁਕਾਬਲੇ ਲਈ ਚੁਣੀ ਗਈ ਸੀ। ਰਿਪਨਜੀਤ ਸਿੰਘ ਤੂਰ ਨੇ ਕਿਹਾ ਕਿ ਉਹ ਕੈਨੇਡਾ ’ਚ ਪੜ੍ਹਨਾ ਚਾਹੁੰਦਾ ਹੈ।