ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਅਕਤੂਬਰ
ਮੁੱਖ ਅੰਸ਼
- ਸਰਕਾਰ ’ਤੇ ਅਧਿਕਾਰ ਖੇਤਰ ’ਚ ਦਖ਼ਲਅੰਦਾਜ਼ੀ ਦਾ ਲਾਇਆ ਦੋਸ਼
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਉਪ ਕੁਲਪਤੀ ਦੀ ਨਿਯੁਕਤੀ ਦੇ ਮਾਮਲੇ ’ਤੇ ‘ਆਪ’ ਸਰਕਾਰ ਖ਼ਿਲਾਫ਼ ਅੱਜ ਖੁੱਲ੍ਹ ਕੇ ਮੈਦਾਨ ਵਿਚ ਆ ਗਏ ਹਨ। ਉਨ੍ਹਾਂ ਸਾਫ਼ ਲਫ਼ਜ਼ਾਂ ’ਚ ਆਖਿਆ ਕਿ ਜੇਕਰ ਉਪ ਕੁਲਪਤੀ ਨੂੰ ਅਹੁਦੇ ਤੋਂ ਨਾ ਹਟਾਇਆ ਗਿਆ ਤਾਂ ਉਹ ਕਾਨੂੰਨੀ ਮਸ਼ਵਰਾ ਲੈਣਗੇ। ਉਨ੍ਹਾਂ ਬਤੌਰ ਚਾਂਸਲਰ ਉਠਾਏ ਗਏ ਕਦਮਾਂ ਨੂੰ ਜਾਇਜ਼ ਠਹਿਰਾਉਂਦਿਆਂ ਪੰਜਾਬ ਸਰਕਾਰ ’ਤੇ ਇਲਜ਼ਾਮ ਲਾਏ ਕਿ ਵੀਸੀ ਦੀ ਨਿਯੁਕਤੀ ਦੇ ਮਾਮਲੇ ਵਿਚ ਰਾਜਪਾਲ ਦੇ ਅਧਿਕਾਰ ਖੇਤਰ ’ਚ ਸਰਕਾਰ ਦਖ਼ਲਅੰਦਾਜ਼ੀ ਕਰ ਰਹੀ ਹੈ। ਦੱਸਣਯੋਗ ਹੈ ਕਿ ਰਾਜਪਾਲ ਨੇ 18 ਅਕਤੂਬਰ ਨੂੰ ਪੀਏਯੂ ਦੇ ਵੀਸੀ ਦੀ ਨਿਯੁਕਤੀ ਰੱਦ ਕਰਨ ਵਾਸਤੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਰਾਜਪਾਲ ਦੇ ਨਾਮ ਪੱਤਰ ਜਨਤਕ ਕੀਤਾ ਸੀ ਜਿਸ ’ਚ ਰਾਜਪਾਲ ਨੂੰ ਨਿਸ਼ਾਨੇ ’ਤੇ ਲਿਆ ਗਿਆ ਸੀ। ਰਾਜਪਾਲ ਨੇ ਅੱਜ ਪ੍ਰੈੱਸ ਕਾਨਫ਼ਰੰਸ ਕਰਕੇ ਇੱਕ ਤਰੀਕੇ ਨਾਲ ਮੁੱਖ ਮੰਤਰੀ ’ਤੇ ਪਲਟਵਾਰ ਕੀਤਾ ਹੈ।
ਸ੍ਰੀ ਪੁਰੋਹਿਤ ਨੇ ਕਿਹਾ ਕਿ ਯੂਜੀਸੀ ਨਿਯਮਾਂ ਨੂੰ ਪਾਸੇ ਵੀ ਰੱਖ ਦੇਈਏ ਤਾਂ ਵੀ ‘ਹਰਿਆਣਾ ਐਂਡ ਪੰਜਾਬ ਐਗਰੀਕਲਚਰਲ ਯੂਨੀਵਰਸਿਟੀਜ਼ ਐਕਟ 1970’ ਮੁਤਾਬਕ ਰਾਜਪਾਲ ਬੋਰਡ ਆਫ਼ ਮੈਨੇਜਮੈਂਟ ਦਾ ਚੇਅਰਮੈਨ ਹੁੰਦਾ ਹੈ ਅਤੇ ’ਵਰਸਿਟੀ ਦਾ ਚਾਂਸਲਰ ਵੀ ਰਾਜਪਾਲ ਹੁੰਦਾ ਹੈ। ਐਕਟ ਅਨੁਸਾਰ ਚਾਂਸਲਰ ਦੀ ਪ੍ਰਵਾਨਗੀ ਲਾਜ਼ਮੀ ਹੁੰਦੀ ਹੈ। ਰਾਜਪਾਲ ਨੇ ਕਿਹਾ ਕਿ ਚਾਂਸਲਰ ਹੋਣ ਦੇ ਨਾਤੇ ਕੁੱਝ ਵੀ ਗ਼ਲਤ ਹੋਣ ’ਤੇ ਉਹ ਬੋਲਣਗੇ। ਉਨ੍ਹਾਂ ਉਪ ਕੁਲਪਤੀ ਦੀ ਨਿਯੁਕਤੀ ਦੀ ਸਮੁੱਚੀ ਪ੍ਰਕਿਰਿਆ ’ਤੇ ਚਾਨਣਾ ਪਾਇਆ। ਉਨ੍ਹਾਂ ਤਾਮਿਲ ਨਾਡੂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਥੋਂ ਦੇ ਰਾਜਪਾਲ ਰਹਿੰਦਿਆਂ ਉਨ੍ਹਾਂ 27 ਵਾਈਸ ਚਾਂਸਲਰ ਲਗਾਏ ਸਨ। ਉਨ੍ਹਾਂ ਕਿਹਾ ਕਿ ’ਵਰਸਿਟੀ ਦੇ ਵੀਸੀ ਦੀ ਮਿਆਦ ਵਿਚ ਵਾਧੇ ਲਈ ਤਾਂ ਸਰਕਾਰ ਨੇ ਤਿੰਨ ਵਾਰੀ ਫਾਈਲ ਭੇਜੀ ਸੀ ਅਤੇ ਨਵੀਂ ਨਿਯੁਕਤੀ ਵਿਚ ਸਰਕਾਰ ਰਾਜਪਾਲ ਦੀ ਭੂਮਿਕਾ ਤੋਂ ਇਨਕਾਰੀ ਹੋ ਰਹੀ ਹੈ। ਸ੍ਰੀ ਪੁਰੋਹਿਤ ਨੇ ਸੁਪਰੀਮ ਕੋਰਟ ਦੇ ਕੇਸਾਂ ਦੇ ਹਵਾਲੇ ਨਾਲ ਕਿਹਾ ਕਿ ਚਾਂਸਲਰ ਨੂੰ ਵੀਸੀ ਦੀ ਨਿਯੁਕਤੀ ’ਚ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਗੁਜਰਾਤ ਅਤੇ ਬੰਗਾਲ ਬਾਰੇ ਅਦਾਲਤੀ ਫ਼ੈਸਲਿਆਂ ਤੋਂ ਵੀ ਜਾਣੂ ਕਰਾਇਆ ਜੋ ਰਾਜਪਾਲ ਦੇ ਪੱਖ ਵਿਚ ਭੁਗਤਦੇ ਹਨ। ਉਨ੍ਹਾਂ ਸਪੱਸ਼ਟ ਸੰਕੇਤ ਵੀ ਦਿੱਤੇ ਕਿ ਉਹ ਉਪ ਕੁਲਪਤੀ ਦੀ ਨਿਯੁਕਤੀ ਦੇ ਮਾਮਲੇ ’ਚ ਪਿਛਾਂਹ ਹਟਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਰੱਖਿਆ ਲਈ ਜਿੱਥੇ ਕੁੱਝ ਗ਼ਲਤ ਹੋਵੇਗਾ, ਉਹ ਬੋਲਣਗੇ। ਉਨ੍ਹਾਂ ਆਪਣੇ ਤਜਰਬੇ ਦੀ ਗੱਲ ਵੀ ਰੱਖੀ ਅਤੇ ਸੂਬਾ ਸਰਕਾਰ ਨੂੰ ਇਸ ਤਜਰਬੇ ਤੋਂ ਸਿੱਖਣ ਦੀ ਨਸੀਹਤ ਵੀ ਦਿੱਤੀ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਰਾਜ ਭਵਨ ਦਾ ਖਰਚਾ ਵੀ ਪੰਜਾਹ ਫ਼ੀਸਦੀ ਘਟ ਗਿਆ ਹੈ। ਜਦੋਂ ਪੰਜਾਬ ਵਿਚ ਵੀਸੀ ਦੀ ਨਿਯੁਕਤੀ ’ਚ ਕੋਈ ਭ੍ਰਿਸ਼ਟਾਚਾਰ ਨਾ ਹੋਣ ਦਾ ਸਵਾਲ ਕੀਤਾ ਗਿਆ ਤਾਂ ਰਾਜਪਾਲ ਨੇ ਕਿਹਾ ਕਿ ‘ਘਰ ਨੂੰ ਖੁੱਲ੍ਹਾ ਤਾਂ ਨਹੀਂ ਛੱਡਿਆ ਜਾ ਸਕਦਾ, ਕੁੱਝ ਵੀ ਹੋ ਸਕਦਾ ਹੈ।’
‘ਮੈਨੂੰ ਉਪਰੋਂ ਕੌਣ ਹੁਕਮ ਦੇਵੇਗਾ’
ਰਾਜਪਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਏ ਇਲਜ਼ਾਮਾਂ ਦੇ ਜਵਾਬ ਵਿਚ ਕਿਹਾ, ‘ਮੈਨੂੰ ਉਪਰੋਂ ਕੋਈ ਹਦਾਇਤ ਨਹੀਂ ਆਉਂਦੀ, ਮੈਂ ਖ਼ੁਦ ਬਹੁਤ ਸੀਨੀਅਰ ਹਾਂ, ਮੈਨੂੰ ਕੌਣ ਹੁਕਮ ਦੇਵੇਗਾ। ਇੰਨਾ ਜ਼ਰੂਰ ਹੈ ਕਿ ਜ਼ਰੂਰਤ ਪੈਣ ’ਤੇ ਕਾਨੂੰਨੀ ਗਾਈਡੈਂਸ ਲੈਂਦਾ ਹਾਂ।’ ਉਨ੍ਹਾਂ ਕਿਹਾ ਕਿ ਰਾਜਪਾਲ ਦੇ ਅਹੁਦੇ ਦੀ ਮਰਿਆਦਾ ਨੂੰ ਕਾਇਮ ਰੱਖਦਿਆਂ ਉਹ ਕਿਸੇ ’ਤੇ ਕੋਈ ਇਲਜ਼ਾਮ ਨਹੀਂ ਲਾਉਣਗੇ ਪ੍ਰੰਤੂ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਉਨ੍ਹਾਂ ਸੂਬੇ ਦੇ ਸੰਵਿਧਾਨਕ ਮੁਖੀ ਹੋਣ ਦਾ ਵੀ ਚੇਤਾ ਕਰਾਇਆ।
ਸਿੱਖ ਬਹਾਦਰ ਕੌਮ ਹੈ: ਰਾਜਪਾਲ
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਜਨਤਕ ਕੀਤੇ ਪੱਤਰ ਵਿਚ ਜੋ ਹਵਾਲਾ ਦਿੱਤਾ ਗਿਆ ਹੈ, ਉਸ ਬਾਰੇ ਦੱਸਣਾ ਚਾਹੁੰਦਾ ਹਾਂ ਕਿ ਵੀਸੀ ਦੀ ਨਿਯੁਕਤੀ ਦੇ ਮਾਮਲੇ ਵਿਚ ਕੌਮ ਦਾ ਕੋਈ ਸਵਾਲ ਨਹੀਂ ਹੈ ਸਗੋਂ ਉਹ ਖ਼ੁਦ ਗੁਰੂ ਘਰਾਂ ਵਿਚ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਵਰਗਾ ਕੋਈ ਬਹਾਦਰ ਨਹੀਂ ਹੈ। ਕਾਫ਼ੀ ਸਮੇਂ ਮਗਰੋਂ ਵੀਸੀ ਦੀ ਨਿਯੁਕਤੀ ਦਾ ਮਾਮਲਾ ਉਠਾਏ ਜਾਣ ’ਤੇ ਰਾਜਪਾਲ ਨੇ ਜਵਾਬ ਦਿੱਤਾ ਕਿ ਉਪ ਕੁਲਪਤੀ ਜਦੋਂ ਕਿਸੇ ਸਮਾਗਮ ਵਾਸਤੇ ਸੱਦਾ ਪੱਤਰ ਦੇਣ ਆਏ ਸਨ ਤਾਂ ਉਨ੍ਹਾਂ ਨੂੰ ਉਦੋਂ ਇਸ ਨਿਯੁਕਤੀ ਦਾ ਪਤਾ ਲੱਗਿਆ ਸੀ।
‘ਆਪ’ ਵੱਲੋਂ ਰਾਜਪਾਲ ਦੇ ਦਾਅਵੇ ਰੱਦ
‘ਆਪ’ ਦੇ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਯੂਨੀਵਰਸਿਟੀ ਐਕਟ ਦੀ ਮਰਿਆਦਾ ਦੇ ਉਲਟ ਰਾਜਪਾਲ ਵੱਲੋਂ ਆਪਣੀ ਸਰਕਾਰੀ ਤਾਕਤ ਦਾ ਗ਼ਲਤ ਇਸਤੇਮਾਲ ਕੀਤਾ ਜਾ ਰਿਹਾ ਹੈ। ਕੰਗ ਨੇ ਐਕਟ ਦੇ ਵੇਰਵੇ ਦੇ ਕੇ ਰਾਜਪਾਲ ਵੱਲੋਂ ਕੀਤੇ ਦਾਅਵਿਆਂ ਨੂੰ ਰੱਦ ਕੀਤਾ। ਉਨ੍ਹਾਂ ਕਿਹਾ ਕਿ ਰਾਜਪਾਲ ਸਿਆਸੀ ਸਲਾਹ ’ਤੇ ਕੰਮ ਕਰ ਰਹੇ ਹਨ। ਕੰਗ ਨੇ ਪਿਛਲੇ ਸਮੇਂ ਦੌਰਾਨ ਸਰਕਾਰ ਦੇ ਕੰਮਾਂ ਵਿਚ ਪਾਏ ਅੜਿੱਕਿਆਂ ਦਾ ਜ਼ਿਕਰ ਵੀ ਕੀਤਾ।