ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਮਈ
ਸਮਾਜ ਸੇਵੀ ਮਨਿੰਦਰ ਸਿੰਘ ਮੰਨਾ ਨੇ ਅੱਜ ਅੰਮ੍ਰਿਤਸਰ ਤੋਂ ਪਟਿਆਲਾ ਪੁੱਜ ਕੇ ਇਥੇ ਯਾਦਵਿੰਦਰਾ ਕਲੋਨੀ ’ਚ ਸਥਿਤ ਨਵਜੋਤ ਸਿੰਘ ਸਿੱਧੂ ਦੇ ਘਰ ਅੱਗੇ ਪ੍ਰੈੱਸ ਕਾਨਫਰੰਸ ਕੀਤੀ।
ਨਵਜੋਤ ਸਿੱਧੂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮਹਿਜ਼ ਟਵੀਟ ਕਰਕੇ ਹੀ ਵੋਟਾਂ ਨਹੀਂ ਪੈਣੀਆਂ ਅਤੇ ਨਾ ਹੀ ਜੰਗ ਦਿੱਤੀ ਜਾਣੀ ਹੈ। ਹਕੀਕਤ ਜਾਣਨ ਲਈ ਜ਼ਮੀਨ ’ਤੇ ਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਉਸ ਨੇ ਮੁੱਖ ਮੰਤਰੀ ਖ਼ਿਲਾਫ਼ ਲੜਾਈ ਲੜਨੀ ਹੀ ਹੈ ਤਾਂ ਉਹ ਮੈਦਾਨ ਵਿੱਚ ਆਉਣ, ਹੋ ਸਕਦੈ ਲੋਕ ਵੀ ਉਨ੍ਹਾਂ ਦੇ ਨਾਲ ਲੱਗ ਜਾਣ। ਨਵਜੋਤ ਸਿੱਧੂ ’ਤੇ ਲੋਕਾਂ ਨੂੰ ਗੁਮਰਾਹ ਕਰਨ ਦੇ ਦੋਸ਼ ਲਾਉਂਦਿਆਂ ਮੰਨਾ ਨੇ ਐਲਾਨ ਕੀਤਾ ਕਿ ਜੇਕਰ ਹਫ਼ਤੇ-ਦਸ ਦਿਨਾਂ ਵਿੱਚ ਸਿੱਧੂ ਸੜਕ ’ਤੇ ਨਾ ਆਇਆ ਤਾਂ ਉਸ ਖ਼ਿਲਾਫ਼ ਵਿਜੀਲੈਂਸ ਕੋਲ ਮੌਜੂਦ ਦਸਤਾਵੇਜ਼ ਉਹ ਲੋਕਾਂ ’ਚ ਲੈ ਕੇ ਜਾਣਗੇ।
ਮੁੱਖ ਮੰਤਰੀ ’ਤੇ ਨਿਸ਼ਾਨਾ ਸੇਧਦਿਆਂ ਮੰਨਾ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਬਾਰੇ ਜਿਹੜੀ ਸਰਗਰਮੀ ਹੁਣ ਕੀਤੀ ਜਾ ਰਹੀ ਹੈ, ਜੇਕਰ ਪਹਿਲਾਂ ਕੀਤੀ ਹੁੰਦੀ ਤਾਂ ਉਸ ਨੂੰ ਸਿੱਧੂ ਤੋਂ ਡਰਨ ਦੀ ਲੋੜ ਨਹੀਂ ਸੀ। ਸੁਖਬੀਰ ਬਾਦਲ ਵੱਲੋਂ ਮੰਗੇ ਗਏ ਸਬੂਤਾਂ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ‘ਛੱਜ ਤਾਂ ਬੋਲੇ, ਛਾਨਣੀ ਕੀ ਬੋਲੇ।’ ਮੰਨਾ ਆਖਦੇ ਹਨ ਕਿ ਜੇਕਰ ਮੁਆਫ਼ੀ ਨਹੀਂ ਤਾਂ ਸੁਖਬੀਰ ਬਾਦਲ ਏਨਾ ਹੀ ਮੰਨ ਲੈਣ ਕਿ ਬੇਅਦਬੀ ਦੀਆਂ ਘਟਨਾਵਾਂ ਉਨ੍ਹਾਂ ਦੀ ਸਰਕਾਰ ਵੇਲੇ ਹੋਈਆਂ ਸਨ। ਇਸੇ ਤਰ੍ਹਾਂ ਉਨ੍ਹਾਂ ਨੇ ਕਈ ਹੋਰ ਮੁੱਦੇ ਵੀ ਉਭਾਰੇ। ਇਸ ਤੋਂ ਪਹਿਲਾਂ ਮਨਦੀਪ ਮੰਨਾ ਨੇ ਨਵਜੋਤ ਸਿੱਧੂ ਦੀ ਕੋਠੀ ਦੇ ਗੇਟ ’ਤੇ ਜਾ ਕੇ ਉਥੇ ਖੜ੍ਹੇ ਪੁਲੀਸ ਮੁਲਾਜ਼ਮ ਕੋਲੋਂ ਵੀ ਸਿੱਧੂ ਬਾਰੇ ਪੁੱਛਿਆ।