ਗੁਰਨਾਮ ਸਿੰਘ ਅਕੀਦਾ
ਪਟਿਆਲਾ, 13 ਜਨਵਰੀ
ਪਟਿਆਲਾ ਦੇ ਸਾਬਕਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਕਿਹਾ ਹੈ ਕਿ ਜੇਕਰ ਦਿੱਲੀ ਦੇ ਬਾਰਡਰਾਂ ’ਤੇ ਕਿਸਾਨਾਂ ਦੀ ਥਾਂ ‘ਖਾਲਿਸਤਾਨੀ’ ਬੈਠੇ ਹੋਏ ਹਨ ਤਾਂ ਉਹ ਵੀ (ਧਰਮਵੀਰ ਗਾਂਧੀ) ‘ਖਾਲਿਸਤਾਨੀ’ ਹਨ ਅਤੇ ਉਨ੍ਹਾਂ ਦਾ ਨਾਮ ਵੀ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਵੱਲੋਂ ਬਣਾਈ ‘ਖਾਲਿਸਤਾਨੀਆਂ’ ਦੀ ਲਿਸਟ ਵਿੱਚ ਸਭ ਤੋਂ ਉਪਰ ਪਾ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਦੇ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਸੁਪਰੀਮ ਕੋਰਟ ਵਿੱਚ ਕਿਸਾਨਾਂ ਨਾਲ ਸਬੰਧਤ ਕੇਸ ਦੀ ਮੰਗਲਵਾਰ ਨੂੰ ਹੋਈ ਸੁਣਵਾਈ ਦੌਰਾਨ ਦਿੱਲੀ ਬਾਰਡਰ’ਤੇ ਬੈਠੇ ਲੋਕਾਂ ਨੂੰ ‘ਖਾਲਿਸਤਾਨੀ’ ਅਤੇ ‘ਸਿੱਖਸ ਫ਼ਾਰ ਜਸਟਿਸ’ ਦੇ ਹਮਾਇਤੀ ਆਖਿਆ ਸੀ ਜਿਸ ਦਾ ਕਿਸਾਨ ਹਮਾਇਤੀਆਂ ਕਾਫੀ ਬੁਰਾ ਮਨਾਇਆ ਹੈ।
ਡਾ. ਧਰਮਵੀਰ ਗਾਂਧੀ ਨੇ ਪੰਜਾਬੀ ਵਿੱਚ ਟਵੀਟ ਕਰਦਿਆਂ ਕਿਹਾ, ‘‘ਤੁਸ਼ਾਰ ਮਹਿਤਾ, ਜੇ ਤੂੰ ਕਹਿੰਦਾ ਹੈ ਕਿ ਕਿਸਾਨ ਅੰਦੋਲਨ ਵਿੱਚ ‘ਖਾਲਿਸਤਾਨੀ’ ਸ਼ਾਮਲ ਹਨ ਤਾਂ ਸੁਣ ਲੈ, ਆਪਣੇ ਹੱਕਾਂ ਅਤੇ ਖੇਤੀ ਕਾਨੂੰਨਾਂ ਖ਼ਿਲਾਫ਼ ਲੜਨ ਵਾਲੇ ਅਸੀਂ ਸਾਰੇ ਪੰਜਾਬੀ ਵੀ ‘ਖਾਲਿਸਤਾਨੀ’ ਹਾਂ। ਆਪਣੀ ‘ਖਾਲਿਸਤਾਨੀ’ ਲਿਸਟ ਵਿੱਚ ਸਭ ਤੋਂ ਪਹਿਲਾਂ ਮੇਰਾ ਨਾਮ ਧਰਮਵੀਰ ਗਾਂਧੀ ਲਿਖ ਲਓ।’’ ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਨੂੰ ਕੇਂਦਰ ਸਰਕਾਰ ਵੱਲੋਂ ਬਦਨਾਮ ਕਰਨ ਦੀਆਂ ਚਾਲਾਂ ਹੁਣ ਕਾਮਯਾਬ ਨਹੀਂ ਹੋਣਗੀਆਂ। ਉਨ੍ਹਾਂ ਕਿਹਾ ਕਿ ਮੁਲਕ ਦੇ ਲੋਕ ਸਮਝ ਗਏ ਹਨ ਕਿ ਕੇਂਦਰ ਸਰਕਾਰ ਅਤੇ ਭਾਜਪਾ ਆਗੂ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਲਈ ਕੁਝ ਵੀ ਆਖ ਸਕਦੇ ਹਨ ਪਰ ਕਿਸਾਨ ਸ਼ਾਂਤਮਈ ਤਰੀਕੇ ਨਾਲ ਬੈਠੇ ਹਨ ਤੇ ਸੰਘਰਸ਼ ਕਰ ਰਹੇ ਹਨ, ਜੋ ਜਿੱਤ ਕੇ ਹੀ ਵਾਪਸ ਘਰਾਂ ਨੂੰ ਮੁੜਨਗੇ। ਉਨ੍ਹਾਂ ਕਿਹਾ ਕਿ ਖਾਲਿਸਤਾਨੀ, ਮਾਓਵਾਦੀ, ਨਕਸਲੀਏ ਕਹਿਣ ਦਾ ਹੁਣ ਕਿਸਾਨਾਂ ’ਤੇ ਕੋਈ ਅਸਰ ਨਹੀਂ ਹੋਣ ਵਾਲਾ ਹੈ।