ਕਮਲਜੀਤ ਕੌਰ।
ਲਖਵੀਰ ਸਿੰਘ ਚੀਮਾ
ਟੱਲੇਵਾਲ, 26 ਅਕਤੂਬਰ
ਜ਼ਿਲ੍ਹਾ ਬਰਨਾਲਾ ਦੇ ਪਿੰਡ ਚੂੰਘਾਂ ’ਚ ਐਤਵਾਰ ਦੇਰ ਰਾਤ ਨਸ਼ੇੜੀ ਵਿਅਕਤੀ ਨੇ ਆਪਣੀ ਪਤਨੀ ਦਾ ਗਲ ਘੁੱਟ ਕੇ ਕਤਲ ਕਰ ਦਿੱਤਾ। ਪੁਲੀਸ ਨੇ ਮੁਲਜ਼ਮ ਵਿਰੁੱਧ ਕਤਲ ਦਾ ਕੇਸ ਦਰਜ ਕਰ ਲਿਆ ਹੈ।
ਇਸ ਸਬੰਧੀ ਮ੍ਰਿਤਕਾ ਦੇ ਭਰਾ ਬਿੱਟੂ ਸਿੰਘ ਵਾਸੀ ਗੰਗਾ (ਬਠਿੰਡਾ) ਨੇ ਦੱਸਿਆ ਕਿ ਉਸ ਦੀ ਭੈਣ ਕਮਲਜੀਤ ਕੌਰ (28) ਦਾ ਕਰੀਬ ਤਿੰਨ ਸਾਲ ਪਹਿਲਾਂ ਵਿਆਹ ਪਿੰਡ ਚੂੰਘਾਂ ਵਾਸੀ ਸੋਮਾ ਸਿੰਘ ਪੁੱਤਰ ਮਹਿੰਦਰ ਸਿੰਘ ਨਾਲ ਹੋਇਆ ਸੀ। ਇਨ੍ਹਾਂ ਦੇ ਡੇਢ ਸਾਲ ਦਾ ਇੱਕ ਲੜਕਾ ਵੀ ਹੈ। ਵਿਆਹ ਸਮੇਂ ਤੋਂ ਹੀ ਉਸ ਦਾ ਸਹੁਰਾ ਪਰਿਵਾਰ ਉਸ ਦੀ ਭੈਣ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਉਸ ਦਾ ਪਤੀ ਵੀ ਸ਼ਰਾਬ ਪੀ ਕੇ ਕੁੱਟਮਾਰ ਕਰਦਾ ਸੀ। ਬੀਤੇ ਦਿਨੀਂ ਉਹ ਆਪਣੀ ਭੈਣ ਨੂੰ ਮਿਲਣ ਆਇਆ ਹੋਇਆ ਸੀ। ਦੇਰ ਰਾਤ ਨੂੰ ਉਸ ਨੂੰ ਆਪਣੀ ਭੈਣ ਦੀਆਂ ਚੀਕਾਂ ਸੁਣਾਈ ਦਿੱਤੀਆਂ। ਉਸ ਨੇ ਜਾ ਕੇ ਦੇਖਿਆ ਤਾਂ ਉਸ ਦਾ ਜੀਜਾ ਸ਼ਰਾਬ ਦੇ ਨਸ਼ੇ ’ਚ ਉਸ ਦੀ ਭੈਣ ਦਾ ਗਲ ਘੁੱਟ ਰਿਹਾ ਸੀ। ਉਸ ਨੇ ਆਪਣੀ ਭੈਣ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਤੱਕ ਕਮਲਪ੍ਰੀਤ ਕੌਰ ਦੀ ਮੌਤ ਹੋ ਚੁੱਕੀ ਸੀ।
ਸੂਚਨਾ ਮਿਲਣ ਮਗਰੋਂ ਮੌਕੇ ’ਤੇ ਪਹੁੰਚੀ ਟੱਲੇਵਾਲ ਪੁਲੀਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਥਾਣਾ ਟੱਲੇਵਾਲ ਦੇ ਐੱਸਐੱਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਮ੍ਰਿਤਕਾ ਦੇ ਭਰਾ ਬਿੱਟੂ ਸਿੰਘ ਦੇ ਬਿਆਨਾਂ ’ਤੇ ਮੁਲਜ਼ਮ ਸੋਮਾ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।