ਪੱਤਰ ਪ੍ਰੇਰਕ
ਨੰਗਲ, 2 ਸਤੰਬਰ
ਨੰਗਲ ਵਿਚ ਬਣਾਏ ਜਾ ਰਹੇ ਬਹੁਕਰੋੜੀ ਫਲਾਈਓਵਰ ਦੇ ਨਿਰਮਾਣ ਕਾਰਜ ਵਿਚ ਹੋ ਰਹੀ ਦੇਰੀ ਵਿਰੁੱਧ ਅੱਜ ਨੰਗਲ ਸੰਘਰਸ਼ ਕਮੇਟੀ ਦੇ ਬੈਨਰ ਹੇਠ ਤਹਿਸੀਲ ਕੰਪਲੈਕਸ ਨੰਗਲ ਦੇ ਬਾਹਰ ਇਕ ਰੋਜ਼ਾ ਭੁੱਖ ਹੜਤਾਲ ਕੀਤੀ ਗਈ| ਇਸ ਵਿਚ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ, ਵਪਾਰਕ ਸੰਗਠਨਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਭਾਗ ਲਿਆ| ਇਸ ਮੌਕੇ ਨੰਗਲ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ ਢੇਰ, ਸਕੱਤਰ ਪ੍ਰਦੀਪ ਸੋਨੀ, ਦੀਪਕ ਨੰਦਾ, ਐਡਵੋਕੇਟ ਵਿਸ਼ਾਲ ਸੈਣੀ, ਸੁਖਦੇਵ ਸਿੰਘ, ਵਿਨੋਦ ਭੱਟੀ, ਕਰਨੈਲ ਸਿੰਘ ਸੈਣੀ ਨੇ ਕਿਹਾ ਕਿ ਫਲਾਈਓਵਰ ਦੇ ਨਿਰਮਾਣ ਕਾਰਜ ਵਿਚ ਹੋ ਰਹੀ ਦੇਰੀ ਅਤੇ ਟਰੱਕ ਯੂਨੀਅਨ ਦੇ ਨਜ਼ਦੀਕ ਵਾਲਾ ਫਾਟਕ ਬੰਦ ਕੀਤੇ ਜਾਣ ਕਾਰਨ ਪੂਰਾ ਸ਼ਹਿਰ ਜਾਮ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ। ਆਗੂਆਂ ਨੇ ਕਿਹਾ ਕਿ ਜਾਮ ਵਿਚ ਸਕੂਲ ਵਿਦਿਆਰਥੀ ਤੇ ਐਂਬੂਲੈਂਸਾਂ ਅਕਸਰ ਲੰਬੇ ਸਮੇਂ ਤੱਕ ਫਸੀਆਂ ਰਹਿੰਦੀਆਂ ਹਨ| ਆਗੂਆਂ ਨੇ ਮੰਗ ਕੀਤੀ ਕਿ ਫਲਾਈਓਵਰ ਦੇ ਕੰਮ ’ਚ ਤੇਜ਼ੀ ਲਿਆਂਦੀ ਜਾਵੇ, ਫਾਟਕ ਨੂੰ ਖੋਲ੍ਹਿਆ ਜਾਵੇ ਅਤੇ ਆਰਜ਼ੀ ਰਸਤੇ ਦਾ ਪ੍ਰਬੰਧ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ|