ਪਵਨ ਗੋਇਲ
ਭੁੱਚੋ ਮੰਡੀ, 18 ਅਕਤੂਬਰ
ਤੁੰਗਵਾਲੀ ਮਾਈਨਰ ਵਿੱਚ ਬੀਤੀ ਰਾਤ ਪਾੜ ਪੈਣ ਕਾਰਨ ਪਿੰਡ ਰਾਏ ਖਾਨਾ ਅਤੇ ਚੱਕ ਫਤਹਿ ਸਿੰਘ ਵਾਲਾ ਦੀ ਸੌ ਏਕੜ ਤੋਂ ਵੱਧ ਝੋਨੇ ਦੀ ਪੱਕੀ ਫ਼ਸਲ ਪਾਣੀ ਵਿੱਚ ਡੁੱਬ ਗਈ। ਬਾਅਦ ਦੁਪਹਿਰ ਤੱਕ ਪਾੜ ਨਾ ਪੂਰੇ ਜਾਣ ਕਾਰਨ ਪਾਣੀ ਦਾ ਵਹਾਅ ਫ਼ਸਲਾਂ ਵੱਲ ਜਾਰੀ ਸੀ। ਇਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਪਾੜ ਪੈਣ ਕਾਰਨ ਕਿਸਾਨ ਮਿਲਖਾ ਸਿੰਘ ਦੀ 12 ਏਕੜ, ਹਰਤੇਜ ਸਿੰਘ ਤੇ ਭੀਮ ਸਿੰਘ ਦੀ 10-10 ਏਕੜ, ਜਸਕੀਰਤ ਸਿੰਘ ਦੀ 7 ਏਕੜ ਅਤੇ ਜ਼ਮੀਨ ਠੇਕੇ ‘ਤੇ ਲੈ ਕੇ ਫ਼ਸਲ ਬੀਜਣ ਵਾਲੇ ਵੱਖ-ਵੱਖ ਕਿਸਾਨਾਂ ਦੀ ਲਗਭਗ 70 ਏਕੜ ਫ਼ਸਲ ਵਿੱਚ ਪਾਣੀ ਭਰ ਗਿਆ।
ਪੀੜਤ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਦੋਹਰੀ ਮਾਰ ਪੈ ਗਈ ਹੈ। ਇੱਕ ਤਾਂ ਝੋਨੇ ਦੀ ਕਟਾਈ ਦਾ ਵੇਲਾ ਸੀ, ਜੋ ਪਾਣੀ ਦੇ ਸੁੱਕਣ ਤੱਕ ਪਛੜ ਗਿਆ ਅਤੇ ਦੂਜਾ ਕਣਕ ਦੀ ਬਿਜਾਈ ਵੀ ਪਛੇਤੀ ਹੋ ਜਾਵੇਗੀ। ਕਿਸਾਨਾਂ ਨੂੰ ਪਾੜ ਪੈਣ ਬਾਰੇ ਸਵੇਰੇ ਪਤਾ ਲੱਗਿਆ। ਉਨ੍ਹਾਂ ਵੱਲੋਂ ਸੂਚਿਤ ਕਰਨ ’ਤੇ ਨਹਿਰੀ, ਪੁਲੀਸ ਅਤੇ ਮਾਲ ਵਿਭਾਗ ਦੇ ਅਧਿਕਾਰੀ ਮੌਕੇ ਪੁੱਜੇ ਅਤੇ ਜੇਬੀਸੀ ਮਸ਼ੀਨ ਤੇ ਕਿਸਾਨਾਂ ਦੀ ਮਦਦ ਨਾਲ ਪਾੜ ਪੂਰਨ ਲੱਗੇ।
ਇਸ ਮੌਕੇ ਕਿਸਾਨਾਂ ਨੇ ਦੋਸ਼ ਲਾਇਆ ਕਿ ਅਧਿਕਾਰੀਆਂ ਨੇ ਇੱਕ ਸਾਲ ਤੋਂ ਇਸ ਰਜਵਾਹੇ ਦੀ ਸਫ਼ਾਈ ਨਹੀਂ ਕਰਵਾਈ। ਮੌਕੇ ’ਤੇ ਮੌਜੂਦ ਨਹਿਰੀ ਵਿਭਾਗ ਦੇ ਐੱਸਡੀਓ ਗੁਰਪਾਲ ਸਿੰਘ ਜਟਾਣਾ ਨੇ ਕਿਹਾ ਕਿ ਛੇ ਮਹੀਨੇ ਪਹਿਲਾਂ ਮਗਨਰੇਗਾ ਰਾਹੀਂ ਰਜਵਾਹੇ ਦੀ ਸਫ਼ਾਈ ਕਰਵਾਈ ਸੀ ਤਾਂ ਕਿਸਾਨਾਂ ਨੇ ਇਸ ਦਾ ਖੰਡਨ ਕਰਦਿਆਂ ਇਸ ਨੂੰ ਕਾਗਜ਼ੀ ਕਾਰਵਾਈ ਤਕ ਸੀਮਤ ਦੱਸਿਆ।
ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ): ਤਖਤੂਪੁਰਾ ਪਿੰਡ ਵਿੱਚੋਂ ਲੰਘਦੇ ਰਾਏਕੋਟ ਰਜਵਾਹੇ (ਸੂਏ) ਵਿੱਚ ਵੀਹ ਦਿਨ ਬਾਅਦ ਫਿਰ ਪਾੜ ਪੈਣ ਨਾਲ ਕਿਸਾਨਾਂ ਦੀ 200 ਏਕੜ ਕਰੀਬ ਝੋਨੇ ਦੀ ਪੱਕੀ ਫ਼ਸਲ ਮੁੜ ਪਾਣੀ ਵਿੱਚ ਡੁੱਬ ਗਈ ਹੈ।
ਸੂਆ ਟੁੱਟਣ ਨਾਲ ਜਗਤਾਰ ਸਿੰਘ ਸਰਾਂ ਤਖਤੂਪੁਰਾ, ਗੁਰਦੇਵ ਸਿੰਘ ਸਰਾਂ, ਨਰੰਜਣ ਸਿੰਘ, ਦਰਸ਼ਨ ਸਿੰਘ, ਸੁਖਦੇਵ ਸਿੰਘ, ਸਤਿਨਾਮ ਸਿੰਘ, ਹਰਜਿੰਦਰ ਸਿੰਘ, ਬੂਟਾ ਸਿੰਘ, ਗੁਰਚਰਨ ਸਿੰਘ ਆਦਿ ਦਾ ਝੋਨਾ ਤੇ ਹੋਰ ਫ਼ਸਲਾਂ ਪਾਣੀ ਵਿੱਚ ਡੁੱਬ ਗਈਆਂ। ਇਸ ਮੌਕੇ ਸਾਬਕਾ ਸਰਪੰਚ ਗੁਰਮੇਲ ਸਿੰਘ ਤਖਤੂਪੁਰਾ, ਮਨਜੀਤ ਸਿੰਘ, ਮਲਕੀਤ ਸਿੰਘ, ਮਹਿੰਦਰ ਸਿੰਘ ਤੇ ਸਵਰਨ ਸਿੰਘ ਆਦਿ ਨੇ ਦੱਸਿਆ ਕਿ 20 ਦਿਨ ਪਹਿਲਾਂ ਵੀ ਰਜਵਾਹਾ ਟੁੱਟਣ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਪ੍ਰਭਾਵਿਤ ਹੋ ਗਈ ਸੀ ਪਰ ਸਬੰਧਤ ਮਹਿਕਮੇ ਨੇ ਲਿੱਪਾ-ਪੋਚੀ ਕਰ ਕੇ ਸਾਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਮਹਿਕਮੇ ਦੀ ਅਣਗਹਿਲੀ ਕਾਰਨ ਪਾਣੀ ਕਿਸਾਨਾਂ ਦੀ ਫ਼ਸਲ ਤਬਾਹ ਕਰ ਰਿਹਾ ਹੈ। ਪਰ ਅਧਿਕਾਰੀ ਕੋਈ ਕਾਰਵਾਈ ਨਹੀਂ ਕਰ ਰਹੇ। ਉਨ੍ਹਾਂ ਮੰਗ ਕੀਤੀ ਹੈ ਯੋਗ ਮੁਆਵਜ਼ਾ ਦਿੱਤਾ ਜਾਵੇ।