ਦੀਪਕ ਠਾਕੁਰ
ਤਲਵਾੜਾ, 4 ਜਨਵਰੀ
ਪੌਂਗ ਡੈਮ ਜਲਗਾਹ ਵਿੱਚ ਪਰਵਾਸੀ ਪੰਛੀਆਂ ਦੀ ਭੇਤਭਰੀ ਮੌਤ ਦਾ ਸਿਲਸਿਲਾ ਜਾਰੀ ਹੈ। ਜੰਗਲੀ ਜੀਵ ਵਿਭਾਗ ਅਨੁਸਾਰ ਅੱਜ ਸ਼ਾਮ 5 ਵਜੇ ਤਕ ਪੌਂਗ ਡੈਮ ਦੀ ਝੀਲ ਦੇ ਕੰਢਿਓਂ 627 ਦੇ ਕਰੀਬ ਹੋਰ ਮ੍ਰਿਤਕ ਪਰਵਾਸੀ ਪੰਛੀ ਮਿਲੇ ਹਨ। ਇੱਕ ਹਫ਼ਤਾ ਬੀਤ ਜਾਣ ਬਾਅਦ ਵੀ ਇਨ੍ਹਾਂ ਮੌਤਾਂ ਦਾ ਰਹੱਸ ਬਰਕਰਾਰ ਹੈ। ਹਿਮਾਚਲ ਪ੍ਰਦੇਸ਼ ਦੇ ਜੰਗਲੀ ਜੀਵ ਵਿਭਾਗ ਨੇ ਪੰਛੀਆਂ ਦੀ ਮੌਤ ਦੇ ਕਾਰਨਾਂ ਦਾ ਪਤਾ ਲਾਉਣ ਲਈ ਦੇਸ਼ ਦੀਆਂ ਵੱਖ-ਵੱਖ ਲੈਬਾਂ ਵਿੱਚ ਸੈਂਪਲ ਭੇਜੇ ਹਨ ਤੇ ਹੁਣ ਰਿਪੋਰਟਾਂ ਦਾ ਇੰਤਜ਼ਾਰ ਹੈ।
ਹਿਮਾਚਲ ਪ੍ਰਦੇਸ਼ ਦੇ ਵਣ ਪ੍ਰਾਣੀ ਵਿਭਾਗ ਦੇ ਡੀਐੱਫਓ ਰਾਹੁਲ ਐੱਮ ਰਹਾਣੇ ਅਤੇ ਵਣ ਰੇਂਜ ਅਫ਼ਸਰ ਸੇਵਾ ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਸ਼ੁੱਕਰਵਾਰ ਤਕ ਪੋਸਟਮਾਰਟਮ ਰਿਪੋਰਟ ਆਉਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਅੱਜ ਵਣ ਰੇਂਜ ਬੀਟ ਧਮੇਟਾ ਤੋਂ 122 ਅਤੇ ਨਗਰੋਟਾ ਸੂਰੀਆਂ ਤੋਂ 505 ਮਰੇ ਹੋਏ ਪਰਵਾਸੀ ਪੰਛੀ ਮਿਲੇ ਹਨ। 29 ਦਸੰਬਰ ਤੋਂ ਲੈ ਕੇ ਹੁਣ ਤਕ ਕੁੱਲ 1800 ਦੇ ਕਰੀਬ ਪੰਛੀਆਂ ਦੀ ਮੌਤ ਹੋ ਚੁੱਕੀ ਹੈ।
ਜੰਗਲਾਤ ਵਿਭਾਗ ਵੱਲੋਂ ਹਰੀਕੇ ਪੱਤਣ ਵੈੱਟਲੈਂਡ ’ਤੇ ਅਲਰਟ ਜਾਰੀ
ਅੰਮ੍ਰਿਤਸਰ (ਪੱਤਰ ਪ੍ਰੇਰਕ): ਹਿਮਾਚਲ ਪ੍ਰਦੇਸ਼ ਦੇ ਪੌਂਗ ਡੈਮ ’ਚ ਭੇਤਭਰੀ ਹਾਲਤ ਵਿਚ ਮਰੇ ਹਜ਼ਾਰਾਂ ਪਰਵਾਸੀ ਪੰਛੀਆਂ ਦੇ ਮੱਦੇਨਜ਼ਰ ਪੰਜਾਬ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਨੇ ਹਰੀਕੇ ਪੱਤਣ ਦੇ ਵੈੱਟਲੈਂਡ (ਤਰਨ ਤਾਰਨ) ’ਤੇ ਅਲਰਟ ਜਾਰੀ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਪੰਜਾਬ ਦੇ ਕਿਸੇ ਵੀ ਇਲਾਕੇ ਵਿੱਚ ਅਜੇ ਤਕ ਅਜਿਹੀ ਘਟਨਾ ਨਹੀਂ ਵਾਪਰੀ। ਜੰਗਲੀ ਜੀਵ ਰੱਖਿਆ ਵਿਭਾਗ ਹਰੀਕੇ ਪੱਤਣ, ਸਤਲੁਜ ਅਤੇ ਬਿਆਸ ਦਰਿਆਵਾਂ ’ਤੇ ਬਣੇ ਵੈੱਟਲੈਂਡ ’ਤੇ ਪੂਰੀ ਨਜ਼ਰ ਰੱਖ ਰਿਹਾ ਹੈ।