ਪੱਤਰ ਪ੍ਰੇਰਕ
ਮਾਨਸਾ, 20 ਫਰਵਰੀ
ਪੋਲਿੰਗ ਸਟੇਸ਼ਨਾਂ ਵਿੱਚ ਅੱਜ 75 ਸਾਲ ਤੋਂ ਲੈ ਕੇ 110 ਸਾਲਾਂ ਤੱਕ ਦੇ ਬਾਬਿਆਂ ਅਤੇ ਮਾਈਆਂ ਨੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਉਨ੍ਹਾਂ ਦੁਆਲੇ ਚੋਣ ਅਮਲੇ ਸਮੇਤ ਪਿੰਡਾਂ ਦੇ ਲੋਕਾਂ ਦਾ ਰੌਣਕ ਮੇਲਾ ਦੇਖਣ ਨੂੰ ਮਿਲਿਆ। ਮਾਨਸਾ ਨੇੜਲੇ ਪਿੰਡ ਘਰਾਂਗਣਾ ਵਿੱਚ 110 ਸਾਲ ਬੁਜ਼ਰਗ ਜੱਗਰ ਸਿੰਘ ਨੇ ਬੜੇ ਜੋਸ਼ ਨਾਲ ਵੋਟ ਪਾਉਣ ਮਗਰੋਂ ਗੱਲ ਕਰਦਿਆਂ ਕਿਹਾ ਕਿ ਵੋਟਾਂ ਦੀ ਰਾਜਨੀਤੀ ਵਿੱਚ ਉਨ੍ਹਾਂ ਨੇ ਬੜੇ ਰੰਗ-ਤਮਾਸ਼ੇ ਵੇਖੇ ਹਨ ਪਰ ਹੁਣ ਸਮੇਂ ਦੇ ਨਾਲ ਵੋਟਾਂ ਦਾ ਰੁਝਾਨ ਬਦਲ ਗਿਆ ਹੈ। ਇਸੇ ਤਰ੍ਹਾਂ ਮਾਨਸਾ ਹਲਕੇ ਦੇ ਪਿੰਡ ਸਮਾਓਂ ਦੀ 110 ਸਾਲਾ ਬੇਬੇ ਨੇ ਆਪਣੀ ਵੋਟ ਪਾਈ। ਪੋਲਿੰਗ ਬੂਥ ’ਤੇ ਬੇਬੇ ਨੇ ਇੱਕ ਉਮੀਦਵਾਰ ਦਾ ਸਿਰ ਪਲੋਸ ਕੇ ਆਸ਼ੀਰਵਾਦ ਵੀ ਦਿੱਤਾ।
ਇਸੇ ਦੌਰਾਨ 104 ਸਾਲਾ ਸੰਤੋ ਪਤਨੀ ਬੰਤਾ ਸਿੰਘ ਨੇ ਪੋਲਿੰਗ ਬੂਥ ਨੰਬਰ 62 ਪਿੰਡ ਨੰਗਲ ਕਲਾਂ ਵਿੱਚ ਆਪਣੀ ਵੋਟ ਪਾਈ। ਉਸ ਨੇ ਕਿਹਾ ਕਿ ਹੁਣ ਪੁਰਾਣੇ ਪੱਤੇ ਝੜਨ ਲੱਗੇ ਹਨ ਅਤੇ ਨਵਿਆਂ ਦੀ ਰੁੱਤ ਆ ਗਈ ਹੈ। ਇਸ ਪਿੰਡ ਵਿੱਚ ਆਮ ਲੋਕਾਂ ਦੀ ਉਮਰ ਦੂਜੇ ਪਿੰਡਾਂ ਦੇ ਮੁਕਾਬਲੇ ਵੱਧ ਮੰਨੀ ਜਾਂਦੀ ਹੈ। ਇਸ ਪਿੰਡ ਵਿੱਚ 90 ਸਾਲ ਤੋਂ ਉੱਪਰ ਵਾਲੇ ਹੋਰ ਕਈ ਵੋਟਰਾਂ ਨੇ ਵੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸੇ ਤਰ੍ਹਾਂ ਬੂਥ ਨੰਬਰ 162 ਅਤੇ 120 ’ਚ 100 ਸਾਲਾਂ ਤੋਂ ਵੱਧ ਉਮਰ ਵਾਲੇ ਬੁਜ਼ਰਗਾਂ ਨੇ ਵੋਟ ਦੇ ਅਧਿਕਾਰ ਦੀ ਬੜੇ ਜ਼ੋਸ਼ ਨਾਲ ਵਰਤੋਂ ਕੀਤੀ। ਮਾਨਸਾ ਸ਼ਹਿਰ ਵਿੱਚ ਅਜਿਹੇ ਕਈ ਸੇਵਾਮੁਕਤ ਮੁਲਾਜ਼ਮਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ, ਜਿਨ੍ਹਾਂ ਦੀ ਉਮਰ 90 ਸਾਲਾਂ ਤੋਂ ਵੱਧ ਦੱਸੀ ਜਾਂਦੀ ਹੈ।