ਨਵਕਿਰਨ ਸਿੰਘ
ਮਹਿਲ ਕਲਾਂ, 23 ਸਤੰਬਰ
ਨੇੜਲੇ ਪਿੰਡ ਰਾਏਸਰ ਵਿੱਚ ਪਿੰਡ ਦੇ ਬਿਲਕੁਲ ਨੇੜੇ ਪਿਛਲੇ ਕਈ ਦਹਾਕਿਆਂ ਤੋਂ ਬੇਆਬਾਦ ਪਈ ਵਕਫ਼ ਬੋਰਡ ਦੀ ਜ਼ਮੀਨ ਵਿੱਚੋਂ ਮਨੁੱਖੀ ਪਿੰਜਰ ਮਿਲੇ ਹਨ। ਬੋਰਡ ਨੇ ਇਹ ਜ਼ਮੀਨ ਪਿੰਡ ਦੇ ਹੀ ਇੱਕ ਕਿਸਾਨ ਨੂੰ ਠੇਕੇ ’ਤੇ ਦਿੱਤੀ ਸੀ। ਇਸ ਜ਼ਮੀਨ ਨੂੰ ਵਾਹੀਯੋਗ ਬਣਾਉਣ ਲਈ ਕਿਸਾਨ ਵੱਲੋਂ ਇਸ ਜ਼ਮੀਨ ਵਿੱਚੋਂ ਰੇਤਾ ਚੁਕਵਾਇਆ ਜਾ ਰਿਹਾ ਸੀ ਤਾਂ ਉਸ ਵਿੱਚੋਂ ਮਨੁੱਖੀ ਪਿੰਜਰ ਤੇ ਘੜੇ ਬਰਾਮਦ ਹੋਏ ਹਨ।
ਵਕਫ ਬੋਰਡ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੁਸਲਿਮ ਫਰੰਟ ਪੰਜਾਬ ਦੇ ਆਗੂ ਹਮੀਦ ਮੁਹੰਮਦ, ਮੁਹੰਮਦ ਹੰਸ, ਜਗਮੋਹਣ ਸ਼ਾਹ ਰਾਏਸਰ, ਮੋਹਰ ਸ਼ਾਹ ਰਾਏਸਰ, ਕਾਕਾ ਰਾਏਸਰ, ਪਾਲਾ ਖਾਨ ਆਦਿ ਨੇ ਕਿਹਾ ਕਿ ਇਸ ਜ਼ਮੀਨ ਉੱਤੇ 1947 ਤੋਂ ਪਹਿਲਾਂ ਮੁਸਲਮਾਨ ਭਾਈਚਾਰੇ ਦਾ ਕਬਰਿਸਤਾਨ ਸੀ ਪਰ ਵਕਫ਼ ਬੋਰਡ ਨੇ ਸਥਾਨਕ ਮੁਸਲਮਾਨ ਭਰਾਵਾਂ ਦੀ ਸਹਿਮਤੀ ਤੋਂ ਬਗੈਰ ਹੀ ਇਹ ਜ਼ਮੀਨ ਪਟੇ ’ਤੇ ਦੇ ਦਿੱਤੀ ਹੈ। ਉਨ੍ਹਾਂ ਰੋਸ ਜ਼ਾਹਰ ਕੀਤਾ ਹੈ ਕਿ ਇੱਥੋਂ ਮਿੱਟੀ ਪੁੱਟ ਕੇ ਵੱਖ ਵੱਖ ਥਾਵਾਂ ਉੱਤੇ ਸੁੱਟੀ ਜਾ ਰਹੀ ਹੈ, ਜਿਸ ਨਾਲ ਉਨ੍ਹਾਂ ਦੇ ਪੁਰਖ਼ਿਆਂ ਦੀਆਂ ਹੱਡੀਆਂ ਦਾ ਨਿਰਾਦਰ ਹੋ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਜਗ੍ਹਾ ਤੋਂ ਕੰਮ ਬੰਦ ਕਰਵਾਇਆ ਜਾਵੇ।
ਇਸ ਮੌਕੇ ਪਹੁੰਚੇ ਤਹਿਸੀਲਦਾਰ ਬਰਨਾਲਾ ਸੰਦੀਪ ਸਿੰਘ, ਡੀਐੱਸਪੀ ਸ਼ੁਭਮ ਅਗਰਵਾਲ ਅਤੇ ਐੱਸਐੱਚਓ ਬਲਜੀਤ ਸਿੰਘ ਢਿੱਲੋਂ ਨੇ ਭਰੋਸਾ ਦਿੱਤਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਤਦ ਤੱਕ ਕੰਮ ਬੰਦ ਕਰਵਾ ਦਿੱਤਾ ਗਿਆ ਹੈ।