ਕੁਲਦੀਪ ਸਿੰਘ
ਚੰਡੀਗੜ੍ਹ, 28 ਅਪਰੈਲ
ਪੰਜਾਬ ਦੇ ਅਜਨਾਲਾ ਸ਼ਹਿਰ ਦੇ ਪੁਰਾਣੇ ਖੂਹ ਵਿੱਚੋਂ ਅੱਠ ਸਾਲ ਦੋ ਮਹੀਨੇ (28 ਫ਼ਰਵਰੀ 2014) ਪਹਿਲਾਂ ਮਿਲੇ ਮਨੁੱਖੀ ਪਿੰਜਰ ਗੰਗਾ ਘਾਟੀ ਦੇ ਸ਼ਹੀਦ ਫੌਜੀਆਂ ਦੇ ਸਨ। ਪੰਜਾਬ ਯੂਨੀਵਰਸਿਟੀ ਦੇ ਫੋਰੈਂਸਿਕ ਐਂਥਰੋਪੋਲੋਜਿਸਟ (ਮਾਨਵ ਵਿਗਿਆਨੀ) ਡਾ. ਜਗਮਿੰਦਰ ਸਿੰਘ ਸਹਿਰਾਵਤ ਵੱਲੋਂ ਸੈਂਟਰ ਫਾਰ ਸੈਲੂਲਰ ਐਂਡ ਮੌਲੀਕਿਊਲਰ ਬਾਇਓਲੋਜੀ (ਸੀਸੀਐੱਮਬੀ) ਅਤੇ ਬਨਾਰਸ ਹਿੰਦੂ ਯੂਨੀਵਰਸਿਟੀ ਨਾਲ ਮਿਲ ਕੇ ਕੀਤੀ ਖੋਜ ਵਿੱਚ ਇਹ ਪੁਸ਼ਟੀ ਹੋਈ ਹੈ। ਪੰਜਾਬ ਯੂਨੀਵਰਸਿਟੀ ਤੋਂ ਮਿਲੀ ਜਾਣਕਾਰੀ ਮੁਤਾਬਕ ਡਾ. ਜਗਮਿੰਦਰ ਸਿੰਘ ਸਹਿਰਾਵਤ ਨੇ ਇਨ੍ਹਾਂ ਪਿੰਜਰਾਂ ਦੇ ਆਈਸੋਟੋਪ ਜਾਂਚ ਲਈ ਸੀਸੀਐੱਮਬੀ ਹੈਦਰਾਬਾਦ ਅਤੇ ਬੀਰਬਲ ਸਾਹਨੀ ਇੰਸਟੀਚਿਊਟ ਲਖਨਊ ਭੇਜੇ ਸਨ। ਵਿਗਿਆਨੀਆਂ ਦੀਆਂ ਦੋ ਵੱਖ-ਵੱਖ ਟੀਮਾਂ ਨੇ ਡੀਐੱਨਏ ਅਤੇ ਆਈਸੋਟੋਪ ਨਿਰੀਖਣ ਕੀਤਾ ਜਿਸ ਦੌਰਾਨ ਪਤਾ ਲੱਗਾ ਕਿ ਇਹ ਸ਼ਹੀਦ ਲੋਕ ਗੰਗਾ ਘਾਟੀ ਖੇਤਰ ਦੇ ਰਹਿਣ ਵਾਲੇ ਸਨ। ਇਹ ਅਧਿਐਨ ਅੱਜ ਵਿਗਿਆਨ ਦੀ ਪੱਤ੍ਰਿਕਾ ‘ਫਰੰਟੀਅਰਜ਼-ਇਨ-ਜੈਨੇਟਿਕਸ’ ਵਿੱਚ ਪ੍ਰਕਾਸ਼ਿਤ ਹੋਇਆ ਹੈ। ਕੁਝ ਇਤਿਹਾਸਕਾਰਾਂ ਦਾ ਮੱਤ ਹੈ ਕਿ ਇਹ ਪਿੰਜਰ ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ ਹੋਏ ਦੰਗਿਆਂ ਵਿੱਚ ਮਾਰੇ ਗਏ ਲੋਕਾਂ ਦੇ ਹਨ ਜਦਕਿ ਵੱਖ-ਵੱਖ ਸਰੋਤਾਂ ਦੇ ਅਧਾਰ ਉਤੇ ਪ੍ਰਚੱਲਿਤ ਧਾਰਨਾ ਹੈ ਕਿ ਇਹ ਪਿੰਜਰ ਉਨ੍ਹਾਂ ਭਾਰਤੀ ਸੈਨਿਕਾਂ ਦੇ ਹਨ, ਜਿਨ੍ਹਾਂ ਦੀ ਹੱਤਿਆ 1857 ਅਜ਼ਾਦੀ ਦੀ ਜੰਗ ਵਿੱਚ ਵਿਦਰੋਹ ਦੌਰਾਨ ਅੰਗਰੇਜ਼ਾਂ ਨੇ ਕਰ ਦਿੱਤੀ ਸੀ। ਜਾਂਚ ਟੀਮ ਦੇ ਮੁੱਖ ਮੈਂਬਰ ਸੀਸੀਐੱਮਬੀ ਹੈਦਰਾਬਾਦ ਦੇ ਵਿਗਿਆਨੀ ਡਾ. ਕੁਮਾਰਸਾਮੀ ਥੰਗਰਾਜ ਨੇ ਕਿਹਾ ਕਿ ਅਧਿਐਨ ਦੌਰਾਨ ਪ੍ਰਾਪਤ ਅੰਕੜਿਆਂ ਤੋਂ ਹੀ ਸ਼ਹੀਦ ਸੈਨਿਕਾਂ ਬਾਰੇ ਪੁਖ਼ਤਾ ਜਾਣਕਾਰੀ ਮਿਲੀ ਹੈ। ਪਤਾ ਲੱਗਾ ਹੈ ਕਿ 26ਵੀਂ ਨੇਟਿਵ ਬੰਗਾਲ ਇਨਫੈਂਟਰੀ ਬਟਾਲੀਅਨ ਵਿੱਚ ਬੰਗਾਲ, ਉੜੀਸਾ, ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਪੂਰਬੀ ਹਿੱਸੇ ਦੇ ਲੋਕ ਸ਼ਾਮਲ ਸਨ।