ਗਗਨਦੀਪ ਅਰੋੜਾ
ਲੁਧਿਆਣਾ, 15 ਸਤੰਬਰ
ਇਥੋਂ ਦੀ ਕੇਂਦਰੀ ਜੇਲ੍ਹ ਵਿੱਚ ਅੱਜ ਸੂਬੇ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੈਦੀਆਂ/ਹਵਾਲਾਤੀਆਂ ਲਈ ‘ਗਲਵੱਕੜੀ’ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਸ ਨਵੇਂ ਉੱਦਮ ਤਹਿਤ ਕੈਦੀ/ਹਵਾਲਾਤੀ ਹੁਣ ਸਾਲ ਦੀ ਤਿਮਾਹੀ ਦੌਰਾਨ ਜੇਲ੍ਹ ਕੰਪਲੈਕਸ ਅੰਦਰ ਸਥਾਪਿਤ ਵਿਸ਼ੇਸ਼ ਕਮਰੇ ਵਿੱਚ ਪਰਿਵਾਰਕ ਜੀਆਂ ਨੂੰ ਇਕ ਘੰਟੇ ਲਈ ਵਿਅਕਤੀਗਤ ਤੌਰ ’ਤੇ ਮਿਲ ਸਕਣਗੇ। ਇਸ ਪ੍ਰੋਗਰਾਮ ਦਾ ਲਾਭ ਸਿਰਫ਼ ਚੰਗੇ ਆਚਰਣ ਵਾਲੇ ਕੈਦੀਆਂ ਤੇ ਹਵਾਲਾਤੀਆਂ ਨੂੰ ਹੀ ਮਿਲੇਗਾ। ਹਾਰਡ ਕੋਰ ਅਪਰਾਧੀਆਂ ਲਈ ਇਹ ਸਹੂਲਤ ਨਹੀਂ ਹੋਵੇਗੀ।
ਸ੍ਰੀ ਬੈਂਸ ਨੇ ਕਿਹਾ ‘ਗਲਵੱਕੜੀ’ ਪ੍ਰੋਗਰਾਮ ਤਹਿਤ ਕੈਦੀ/ਹਵਾਲਾਤੀ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਭੋਜਨ ਦਾ ਆਨੰਦ ਲੈ ਸਕਣਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਜੇਲ੍ਹਾਂ ਨੂੰ ਅਸਲ ‘ਸੁਧਾਰ ਘਰ’ ਬਣਾ ਰਹੀ ਹੈ ਤਾਂ ਕਿ ਕੈਦੀਆਂ ਨੂੰ ਹਕੀਕੀ ਰੂਪ ’ਚ ਸੁਧਾਰਿਆ ਜਾ ਸਕੇ ਅਤੇ ਉਹ ਜੇਲ੍ਹ ’ਚੋਂ ਰਿਹਾਈ ਮਗਰੋਂ ਆਮ ਜੀਵਨ ਬਤੀਤ ਕਰ ਸਕਣ। ਉਨ੍ਹਾਂ ਕਿਹਾ ਕਿ ਇਹ ਪਰਿਵਾਰਕ ਮੁਲਾਕਾਤਾਂ ਸੂਬੇ ਦੀਆਂ 23 ਜੇਲ੍ਹਾਂ ਵਿੱਚ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਫਰਨੀਚਰ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਲੈਸ ਕਮਰੇ ਵਿੱਚ ਕੈਦੀਆਂ/ਹਵਾਲਾਤੀਆਂ ਨੂੰ ਆਪਣੇ ਪੰਜ ਰਿਸ਼ਤੇਦਾਰਾਂ ਨਾਲ ਇੱਕ ਘੰਟਾ ਬਿਤਾਉਣ ਲਈ ਦਿੱਤਾ ਜਾਵੇਗਾ। ਇਸ ਸਹੂਲਤ ਦਾ ਲਾਭ ਲੈਣ ਲਈ ਸਬੰਧਤ ਪਰਿਵਾਰ ਵੱਲੋਂ ਪੰਜਾਬ ਜੇਲ੍ਹ ਵਿਭਾਗ ਦੀ ਅਧਿਕਾਰਤ ਵੈੱਬਸਾਈਟ ’ਤੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ ਜਾਂ ਕੈਦੀ ਜੇਲ੍ਹ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ। ਇਸ ਦੌਰਾਨ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਭਾਜਪਾ ਦੇ ‘ਅਪਰੇਸ਼ਨ ਕਮਲ’ ਦੇ ਹਵਾਲੇ ਨਾਲ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸੀਬੀਆਈ ਤੇ ਈਡੀ ਭਾਜਪਾ ਦੀਆਂ ਏਜੰਸੀਆਂ ਹਨ। ਈਡੀ ਦਾ ਪੂਰਾ ਨਾਂ ਦਾ ਐਨਫੋਰਸਮੈਂਟ ਪੌਲਟਿਕਸ ਹੋਣਾ ਚਾਹੀਦਾ ਹੈ। ਸਪੈਸ਼ਲ ਡੀਜੀਪੀ (ਜੇਲ੍ਹਾਂ) ਹਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਸਾਰੀਆਂ ਮਹਿਲਾ ਕੈਦੀਆਂ ਅਤੇ ਹਵਾਲਾਤੀਆਂ ਨੂੰ ਹਰ ਮਹੀਨੇ ਪਰਿਵਾਰ ਨਾਲ ਮਿਲਣ ਦੀ ਸਹੂਲਤ ਦਿੱਤੀ ਜਾਵੇਗੀ। ਕੈਬਨਿਟ ਮੰਤਰੀ ਨੇ ਜੇਲ੍ਹ ਦੇ ਬਾਹਰ ਤਾਜਪੁਰ ਰੋਡ ’ਤੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਪੈਟਰੋਲ ਪੰਪ ਦੀ ਵੀ ਸ਼ੁਰੂਆਤ ਕੀਤੀ।
ਜੇਲ੍ਹ ਵਿਭਾਗ ਨੇ ਸਦੀ ਪੁਰਾਣੇ ਨਿਯਮ ਬਦਲੇ
ਫ਼ਰੀਦਕੋਟ (ਜਸਵੰਤ ਜੱਸ): ਜੇਲ੍ਹਾਂ ਵਿੱਚ ਨਜ਼ਰਬੰਦ ਹਵਾਲਾਤੀਆਂ ਤੇ ਕੈਦੀਆਂ ਨੂੰ ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕਰਵਾਉਣ ਵਾਸਤੇ ਜੇਲ੍ਹ ਵਿਭਾਗ ਨੇ ਸਦੀ ਪੁਰਾਣੇ ਨਿਯਮਾਂ ਵਿੱਚ ਸੋਧ ਕਰ ਕੇ ਇਹ ਸਹੂਲਤ ਅੱਜ ਤੋਂ ਲਾਗੂ ਕਰ ਦਿੱਤੀ ਹੈ। ਇੱਥੋਂ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਮੁਲਾਕਾਤਾਂ ਲਈ ਬਣਾਏ ਗਏ ਵਿਸ਼ੇਸ਼ ਕਮਰਿਆਂ ਦਾ ਉਦਘਾਟਨ ਕਰਦਿਆਂ ਜੇਲ੍ਹਾਂ ਦੇ ਡੀਆਈਜੀ ਤੇਜਿੰਦਰ ਸਿੰਘ ਮੌੜ ਨੇ ਕਿਹਾ ਕਿ ਜੇਲ੍ਹ ਵਿਭਾਗ ਵੱਲੋਂ ਸ਼ੁਰੂ ਕੀਤੇ ਨਵੇਂ ਪ੍ਰਾਜੈਕਟ ਤਹਿਤ ਜੇਲ੍ਹ ਅੰਦਰ ਕੁਝ ਕਮਰੇ ਬਣਾਏ ਗਏ ਹਨ, ਜਿਨ੍ਹਾਂ ਵਿੱਚ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਇੱਥੇ ਕੈਦੀ ਆਪਣੇ ਪਰਿਵਾਰ ਨਾਲ ਬੈਠ ਕੇ 50 ਮਿੰਟ ਤੱਕ ਮੁਲਾਕਾਤ ਕਰ ਸਕਦਾ ਹੈ। ਜੇਲ੍ਹ ਸੁਪਰਡੈਂਟ ਰਾਜੀਵ ਕੁਮਾਰ ਅਰੋੜਾ ਨੇ ਕਿਹਾ ਕਿ ਪਰਿਵਾਰਕ ਮੈਂਬਰ ਤਿੰਨ ਮਹੀਨੇ ’ਚ ਇੱਕ ਵਾਰ ਆਪਣੇ ਪਰਿਵਾਰ ਨੂੰ ਮਿਲ ਸਕਦੇ ਹਨ। ਇਨ੍ਹਾਂ ਕਮਰਿਆਂ ਵਿੱਚ ਖਾਣ-ਪੀਣ ਦਾ ਕੋਈ ਵੀ ਸਾਮਾਨ ਨਹੀਂ ਜਾ ਸਕੇਗਾ। ਡੀਆਈਜੀ ਮੌੜ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਨਵੇਂ ਉਪਰਾਲੇ ਨਾਲ ਜੇਲ੍ਹ ਦੇ ਪ੍ਰਬੰਧਾਂ ਵਿੱਚ ਵੱਡਾ ਸੁਧਾਰ ਆਵੇਗਾ। ਫ਼ਰੀਦਕੋਟ ਜੇਲ੍ਹ ਵਿੱਚ ਅੱਜ ਪਹਿਲੇ ਦਿਨ ਹਵਾਲਾਤੀਆਂ ਨੂੰ ਬਣੇ ਵਿਸ਼ੇਸ਼ ਕਮਰਿਆਂ ਵਿੱਚ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਗਿਆ।