ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 16 ਜੂਨ
ਐੱਸ.ਡੀ.ਐੱਮ. ਕਮ ਪ੍ਰਸ਼ਾਸਕ ਨਗਰ ਕੌਂਸਲ, ਸਰਹਿੰਦ ਡਾ. ਸੰਜੀਵ ਕੁਮਾਰ ਵੱਲੋਂ ਨਗਰ ਕੌਂਸਲ, ਸਰਹਿੰਦ ਦੇ ਕਰਮਚਾਰੀਆਂ ਸਮੇਤ ਪਰਲ ਕਲੋਨੀ ਤੇ ਮਾਡਰਨ ਵੈਲੀ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਪਾਇਆ ਗਿਆ ਕਿ ਲੋਕਾਂ ਵੱਲੋਂ ਬਿਨਾਂ ਪਲਾਟ ਰੈਗੂਲਰ ਕਰਵਾਇਆ ਅਤੇ ਬਿਨਾਂ ਨਕਸ਼ਾ ਪਾਸ ਕਰਵਾਏ ਮਕਾਨ ਉਸਾਰੇ ਜਾ ਰਹੇ ਹਨ।
ਡਾ. ਸੰਜੀਵ ਕੁਮਾਰ ਨੇ ਦੱਸਿਆ ਕਿ ਪਲਾਟ ਰੈਗੂਲਰ ਅਤੇ ਨਕਸ਼ਾ ਫੀਸ ਜਮ੍ਹਾਂ ਨਾ ਹੋਣ ਕਾਰਨ ਨਗਰ ਕੌਂਸਲ ਨੂੰ ਵਿੱਤੀ ਨੁਕਸਾਨ ਹੋ ਰਿਹਾ ਹੈ, ਜਿਨ੍ਹਾਂ ਉਸਾਰੀਕਾਰਾਂ ਵੱਲੋਂ ਨਕਸ਼ੇ ਪਾਸ ਨਹੀਂ ਕਰਵਾਏ ਗਏ, ਉਨ੍ਹਾਂ ਸਬੰਧੀ ਕਾਰਜਸਾਧਕ ਅਫ਼ਸਰ ਸਰਹਿੰਦ ਨੂੰ ਪੰਜਾਬ ਮਿਊਂਸੀਪਲ ਐਕਟ 1911 ਤਹਿਤ ਨੋਟਿਸ ਜਾਰੀ ਕਰਨ ਦੇ ਆਦੇਸ਼ ਦਿੱਤੇ ਗਏ ਹਨ ਤੇ ਨਾਲ ਹੀ ਹਦਾਇਤ ਕੀਤੀ ਗਈ ਹੈ ਕਿ ਮਿਤੀ 23 ਜੂਨ 2020 ਤੱਕ ਇਨ੍ਹਾਂ ਦੋਵੇਂ ਕਲੋਨੀਆਂ ਦੇ ਨਕਸ਼ਿਆਂ ਦੀ ਪੜਤਾਲ ਕਰ ਕੇ ਰਿਪੋਰਟ ਭੇਜੀ ਜਾਵੇ ਅਤੇ ਬਿਲਡਿੰਗ ਬਾਇਲਾਜ਼ ਦੀ ਉਲੰਘਣਾ ਕਰਨ ਵਾਲੇ ਉਸਾਰੀਕਾਰਾਂ ਨੂੰ ਨੋਟਿਸ ਭੇਜੇ ਜਾਣ।