ਪਰਮਜੀਤ ਸਿੰਘ
ਫਾਜ਼ਿਲਕਾ, 14 ਸਤੰਬਰ
ਬੰਦੀ ਬਣਾਈ ਪਤਨੀ ਅਤੇ ਬੱਚੇ ਵਾਪਸ ਮੰਗਣ ’ਤੇ ਹਰੀਪੁਰਾ ਦੇ ਕੁਝ ਰਸੂਖਵਾਨ ਵਿਅਕਤੀਆਂ ਨੇ ਅੱਜ ਪਿੰਡ ਦੇ ਹੀ ਇੱਕ ਵਿਅਕਤੀ ਦੀ ਕੁੱਟਮਾਰ ਕਰ ਦਿੱਤੀ। ਇਸ ਮਗਰੋਂ ਪੁਲੀਸ ਨੇ ਆ ਕੇ ਉਨ੍ਹਾਂ ਨੂੰ ਰਸੂਖਵਾਨਾਂ ਦੇ ਕਬਜ਼ੇ ’ਚੋਂ ਛੁਡਵਾਇਆ।
ਅਬੋਹਰ ਦੇ ਸਰਕਾਰੀ ਹਸਪਤਾਲ ’ਚ ਜ਼ੇਰੇ ਇਲਾਜ ਸੰਤੋਸ਼ ਕੁਮਾਰ ਨੇ ਦੋਸ਼ ਲਾਏ ਕਿ ਪਿੰਡ ਦੇ ਰਸੂਖਵਾਨ ਜੈ ਪ੍ਰਕਾਸ਼ ਅਤੇ ਉਸ ਦੇ ਸਾਥੀਆਂ ਨੇ ਉਸ ਦੀ ਪਤਨੀ ਅਤੇ ਬੱਚੇ ਕਰੀਬ ਇੱਕ ਮਹੀਨੇ ਤੋਂ ਆਪਣੇ ਕਬਜ਼ੇ ਵਿੱਚ ਰੱਖੇ ਸਨ। ਉਸ ਨੇ ਕਈ ਵਾਰੀ ਪਤਨੀ ਅਤੇ ਬੱਚੇ ਵਾਪਸ ਮੋੜਨ ਲਈ ਕਿਹਾ ਪਰ ਉਸ ਦੀ ਇੱਕ ਵੀ ਸੁਣੀ ਨਾ ਗਈ। ਪੁਲੀਸ ਨੂੰ ਦੱਸਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਬੀਤੇ ਦਿਨ ਜਦੋਂ ਉਹ ਗਲੀ ’ਚੋਂ ਲੰਘ ਰਿਹਾ ਸੀ ਤਾਂ ਰਸੂਖਵਾਨਾਂ ਨੇ ਉਸ ਨੂੰ ਰੱਸੇ ਨਾਲ ਬੰਨ੍ਹ ਲਿਆ ਅਤੇ ਕੁੱਟਮਾਰ ਕੀਤੀ।
ਪੀੜਤ ਦੇ ਭਰਾ ਅਰਵਿੰਦ ਕੁਮਾਰ ਨੇ ਦੱਸਿਆ ਕਿ ਕੁੱਟਮਾਰ ਬਾਰੇ ਪਤਾ ਲੱਗਣ ’ਤੇ ਜਦੋਂ ਉਹ ਸੰਤੋਸ਼ ਨੂੰ ਬਚਾਉਣ ਗਿਆ ਤਾਂ ਰਸੂਖਵਾਨਾਂ ਨੇ ਉਸ ਨੂੰ ਵੀ ਧਮਕੀ ਦਿੱਤੀ। ਇਸ ਮਗਰੋਂ ਉਸ ਨੇ ਪੁਲੀਸ ਨੂੰ ਸੂਚਿਤ ਕਰ ਦਿੱਤਾ। ਪੁਲੀਸ ਨੇ ਆ ਕੇ ਸੰਤੋਸ਼ ਕੁਮਾਰ, ਉਸ ਦੀ ਪਤਨੀ ਅਤੇ ਬੱਚਿਆਂ ਨੂੰ ਰਸੂਖਵਾਨਾਂ ਕੋਲੋਂ ਛੁਡਵਾ ਲਿਆ। ਇਸ ਦੌਰਾਨ ਪੀੜਤ ਸੰਤੋਸ਼ ਕੁਮਾਰ ਨੇ ਐੱਸ.ਸੀ ਕਮਿਸ਼ਨ ਅਤੇ ਪੁਲੀਸ ਕੋਲੋਂ ਮੰਗ ਕੀਤੀ ਕਿ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਥਾਣਾ ਖੂਈਆਂ ਸਰਵਰ ਦੇ ਮੁਖੀ ਰਮਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਪਿੰਡ ਹਰੀਪੁਰਾ ਵਾਸੀ ਸੰਤੋਸ਼ ਕੁਮਾਰ ਨਾਲ ਕੁੱਟਮਾਰ ਦੀ ਸ਼ਿਕਾਇਤ ਪਹੁੰਚੀ ਹੈ। ਇਸ ਸਬੰਧੀ ਦੋਹਾਂ ਧਿਰਾਂ ਦੇ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।