ਜਗਤਾਰ ਸਿੰਘ ਲਾਂਬਾ/ਹਰਪ੍ਰੀਤ ਕੌਰ
ਅੰਮ੍ਰਿਤਸਰ/ਹੁਸ਼ਿਆਰਪੁਰ, 11 ਜੁਲਾਈ
ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਅੰਮ੍ਰਿਤਸਰ ਪੁਲੀਸ ਨੇ ਮੁੜ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੂੰ ਪੜਤਾਲ ਲਈ ਹੋਰ ਰਿਮਾਂਡ ਦੇਣ ਦੀ ਅਪੀਲ ਕੀਤੀ ਗਈ ਜੋ ਮਨਜ਼ੂਰ ਨਹੀਂ ਹੋਈ। ਇਸ ਤੋਂ ਬਾਅਦ ਹੁਸ਼ਿਆਰਪੁਰ ਪੁਲੀਸ ਨੇ ਅਦਾਲਤ ਵਿੱਚੋਂ ਗੈਂਗਸਟਰ ਦਾ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ ਅਤੇ ਪੜਤਾਲ ਵਾਸਤੇ ਹੁਸ਼ਿਆਰਪੁਰ ਲੈ ਗਈ ਹੈ ਜਿੱਥੋਂ ਦੀ ਅਦਾਲਤ ਨੇ ਉਸ ਨੂੰ 7 ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ।
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਪੁਲੀਸ ਨੇ ਗੈਂਗਸਟਰ ਰਾਣਾ ਕੰਦੋਵਾਲੀਆ ਦੇ ਕਤਲ ਕੇਸ ਵਿੱਚ ਬਿਸ਼ਨੋਈ ਕੋਲੋਂ ਪੜਤਾਲ ਕੀਤੀ ਹੈ। ਇਸ ਕੇਸ ਵਿੱਚ ਅੰਮ੍ਰਿਤਸਰ ਪੁਲੀਸ ਨੇ ਦੋ ਵਾਰ ਪੁਲੀਸ ਰਿਮਾਂਡ ਹਾਸਲ ਕੀਤਾ ਸੀ। ਅੱਜ ਰਿਮਾਂਡ ਦੀ ਮਿਆਦ ਖ਼ਤਮ ਹੋਣ ਮਗਰੋਂ ਉਸ ਨੂੰ ਮੁੜ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ।
ਅੱਜ ਸਵੇਰੇ ਜਦੋਂ ਬਿਸ਼ਨੋਈ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਤਾਂ ਉਸ ਵੇਲੇ ਪੁਲੀਸ ਨੇ ਅਦਾਲਤ ਕੰਪਲੈਕਸ ਵਿਚ ਆਵਾਜਾਈ ਨੂੰ ਰੋਕ ਦਿੱਤਾ ਸੀ। ਪੁਲੀਸ ਵੱਲੋਂ ਸਰਕਾਰੀ ਕਰਮਚਾਰੀਆਂ ਨੂੰ ਸ਼ਨਾਖ਼ਤੀ ਕਾਰਡ ਦੇਖਣ ਤੋਂ ਬਾਅਦ ਹੀ ਅਦਾਲਤੀ ਕੰਪਲੈਕਸ ਵਿੱਚ ਜਾਣ ਦਿੱਤਾ ਗਿਆ। ਪੁਲੀਸ ਦੇ ਡਿਪਟੀ ਕਮਿਸ਼ਨਰ ਪਰਮਿੰਦਰ ਸਿੰਘ ਭੰਡਾਲ ਨੇ ਆਖਿਆ ਕਿ ਬਿਸ਼ਨੋਈ ਨੂੰ ਅਦਾਲਤ ਵਿੱਚ ਪੇਸ਼ ਕਰਨ ਸਮੇਂ ਸੁਰੱਖਿਆ ਦੇ ਲੋੜੀਂਦੇ ਪ੍ਰਬੰਧ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਦੀ ਪੁਲੀਸ ਨੇ 2019 ’ਚ ਸ਼ਰਾਬ ਦੇ ਕਾਰੋਬਾਰੀ ਦੇ ਘਰ ’ਤੇ ਗੋਲੀਆਂ ਚਲਾਉਣ ਮਾਮਲੇ ’ਚ ਸ਼ਾਮਲ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ ਹੈ।
ਸਿੱਧੂ ਮੂਸੇਵਾਲਾ ਕੇਸ: ਜੱਗੂ ਭਗਵਾਨਪੁਰੀਆ ਦਾ ਛੇ ਦਿਨ ਦਾ ਪੁਲੀਸ ਰਿਮਾਂਡ
ਮਾਨਸਾ/ਰਈਆ (ਜੋਗਿੰਦਰ ਸਿੰਘ ਮਾਨ/ਦਵਿੰਦਰ ਸਿੰਘ ਭੰਗੂ): ਸਿੱਧੂ ਮੂਸੇਵਾਲਾ ਕਤਲ ਕੇਸ ਸਬੰਧੀ ਅੱਜ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਮਾਨਸਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੋਂ ਬਿਆਸ ਦੀ ਪੁਲੀਸ ਨੇ ਉਸ ਦਾ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ ਹੈ। ਇਸ ਤੋਂ ਬਾਅਦ ਭਗਵਾਨਪੁਰੀਆ ਨੂੰ ਬਾਬਾ ਬਕਾਲਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਉਸ ਨੂੰ ਛੇ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਮਾਨਸਾ ਪੁਲੀਸ ਉਸ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਟਰਾਂਜ਼ਿਟ ਰਿਮਾਂਡ ਹਾਸਲ ਕਰਕੇ ਲਿਆਈ ਸੀ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜੱਗੂ ਭਗਵਾਨਪੁਰੀਆ ਉੱਪਰ 68 ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਜੱਗੂ ਭਗਵਾਨਪੁਰੀਆ ਦੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨਾਲ ਨੇੜਲੇ ਸਬੰਧ ਹਨ। ਜੱਗੂ ਭਗਵਾਨਪੁਰੀਆ ਨੂੰ ਅੱਜ ਭਾਰੀ ਸੁਰੱਖਿਆ ਹੇਠ ਮਾਨਸਾ ਤੋਂ ਬਾਬਾ ਬਕਾਲਾ ਲਿਆਂਦਾ ਗਿਆ। ਉਸ ਨੂੰ ਜੱਜ ਕਰਨ ਕੁਮਾਰ ਦੀ ਅਦਾਲਤ ਵਿਚ ਸ਼ਾਮ ਪੰਜ ਵਜੇ ਪੇਸ਼ ਕਰ ਕੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਗਈ ਜਿਸ ’ਤੇ ਅਦਾਲਤ ਵੱਲੋਂ ਪੁਲੀਸ ਨੂੰ ਛੇ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਗਿਆ।
ਸੰਦੀਪ ਕਾਹਲੋਂ ਨੂੰ ਉਸ ਦੇ ਘਰ ਲੈ ਕੇ ਪੁੱਜੀ ਲੁਧਿਆਣਾ ਪੁਲੀਸ
ਲੁਧਿਆਣਾ (ਟਨਸ): ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ’ਚ ਲੁਧਿਆਣਾ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦੇ ਭਤੀਜੇ ਸੰਦੀਪ ਕਾਹਲੋਂ ਨੂੰ ਪੜਤਾਲ ਲਈ ਲੁਧਿਆਣਾ ਸੀਆਈਏ-2 ਦੀ ਟੀਮ ਗੁਰਦਾਸਪੁਰ ਦੇ ਫਤਹਿਗੜ੍ਹ ਚੂੜੀਆਂ ਸਥਿਤ ਉਸ ਦੇ ਘਰ ਲੈ ਕੇ ਗਈ। ਗੁਰਦਾਸਪੁਰ ਸਥਿਤ ਸੰਦੀਪ ਕਾਹਲੋਂ ਦੇ ਘਰ ਦੇ ਨਾਲ-ਨਾਲ ਉਸ ਦੇ ਅੰਮ੍ਰਿਤਸਰ ਸਥਿਤ ਘਰ ’ਚ ਵੀ ਸਰਚ ਮੁਹਿੰਮ ਚਲਾਈ ਗਈ। ਦੱਸਿਆ ਜਾ ਰਿਹਾ ਹੈ ਕਿ ਤਲਾਸ਼ੀ ਦੌਰਾਨ ਕਈ ਸਬੂਤ ਮਿਲੇ ਹਨ। ਪੁਲੀਸ ਦੀ ਟੀਮ ਕਰੀਬ ਇੱਕ-ਇੱਕ ਘੰਟਾ ਦੋਵਾਂ ਘਰਾਂ ’ਚ ਰੁਕੀ ਤੇ ਲੋਕਾਂ ਤੋਂ ਪੜਤਾਲ ਵੀ ਕੀਤੀ ਗਈ।
ਸਿੱਧੂ ਮੂਸੇਵਾਲਾ ਦੇ ਮਾਪੇ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ
ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਪੇ ਅੱਜ ਇੱਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨਜੀਤ ਕੌਰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਕੀਰਤਨ ਸਰਵਣ ਕੀਤਾ। ਤਖ਼ਤ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ। ਇਸ ਮਗਰੋਂ ਉਨ੍ਹਾਂ ਜਥੇਦਾਰ ਹਰਪ੍ਰੀਤ ਸਿੰਘ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਪੁੱਜ ਕੇ ਮੁਲਾਕਾਤ ਕੀਤੀ ਤੇ ਮੂਸੇਵਾਲਾ ਦੇ ਕਤਲ ਕੇਸ ਦੀ ਪੁਲੀਸ ਵੱਲੋਂ ਕੀਤੀ ਜਾ ਰਹੀ ਜਾਂਚ ਨੂੰ ਨਾਕਾਫ਼ੀ ਦੱਸਿਆ। ਉਨ੍ਹਾਂ ਕਿਹਾ ਕਿ ਹੁਣ ਤੱਕ ਜੋ ਵੀ ਤੱਥ ਸਾਹਮਣੇ ਲਿਆਂਦੇ ਗਏ ਹਨ, ਉਹ ਦਿੱਲੀ ਪੁਲੀਸ ਨੇ ਲਿਆਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਸਿਰਫ਼ ਰਸਮੀ ਪੜਤਾਲ ਕਰਦੀ ਦਿਖ ਰਹੀ ਹੈ।