ਹੁਸ਼ਿਆਰਪੁਰ, 10 ਸਤੰਬਰ
ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਚੋਟਾਲਾ ਵਿਖੇ ਲੁਟੇਰਿਆਂ ਨੇ ਪੰਜਾਬ ਨੈਸ਼ਨਲ ਬੈਂਕ ਦੇ ਏਟੀਐੱਮ ਨੂੰ ਗੈਸ ਕਟਰ ਨਾਲ ਕੱਟ ਕੇ 9 ਲੱਖ ਰੁਪਏ ਲੁੱਟ ਲਏ। ਪੁਲੀਸ ਨੇ ਕਿਹਾ ਕਿ ਸ਼ੁੱਕਰਵਾਰ ਰਾਤ ਨੂੰ ਲੁਟੇਰਿਆਂ ਨੇ ਫ਼ਰਾਰ ਹੋਣ ਤੋਂ ਪਹਿਲਾਂ ਸੀਸੀਟੀਵੀ ਕੈਮਰਿਆਂ ਦਾ ਵੀ ਨੁਕਸਾਨ ਕੀਤਾ। ਬੈਂਕ ਦੇ ਬ੍ਰਾਂਚ ਸਹਾਇਕ ਮੈਨੇਜਰ ਅਨਿਲ ਕੁਮਾਰ, ਜੋ ਕਿ ਸਵੇਰ ਦੀ ਸੈਰ ‘ਤੇ ਸਨ, ਨੇ ਲੁੱਟ ਦੀ ਵਾਰਦਾਤ ਨੂੰ ਦੇਖਿਆ ਅਤੇ ਪੁਲੀਸ ਨੂੰ ਸੂਚਨਾ ਦਿੱਤੀ ਕਿ ਮਸ਼ੀਨ ‘ਚੋਂ 9 ਲੱਖ ਰੁਪਏ ਲੁੱਟ ਲਏ। ਟਾਂਡਾ ਦੇ ਉਪ ਪੁਲੀਸ ਕਪਤਾਨ ਕੁਲਵੰਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਫੜਨ ਲਈ ਟੀਮਾਂ ਬਣਾ ਦਿੱਤੀਆਂ ਹਨ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੇ ਹਨ।