ਹੁਸ਼ਿਆਰਪੁਰ, 27 ਅਗਸਤ
ਇੱਥੋਂ ਲਗਪਗ 23 ਕਿਲੋਮੀਟਰ ਦੂਰ ਪਿੰਡ ਭਾਮ ਵਿੱਚ ਅਣਪਛਾਤੇ ਵਿਅਕਤੀ ਗੈਸ ਕਟਰ ਦੀ ਮਦਦ ਨਾਲ ਪੰਜਾਬ ਨੈਸ਼ਨਲ ਬੈਂਕ ਦਾ ਏਟੀਐੱਮ ਤੋੜ ਕੇ 17 ਲੱਖ ਰੁਪਏ ਨਕਦੀ ਲੁੱਟ ਕੇ ਫਰਾਰ ਹੋ ਗਏ। ਇਹ ਜਾਣਕਾਰੀ ਅੱਜ ਪੁਲੀਸ ਨੇ ਦਿੱਤੀ। ਡੀਐੱਸਪੀ ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਪੁਲੀਸ ਵੱਲੋਂ ਏਟੀਐੱਮ ਬੂਥ ਅਤੇ ਆਸਪਾਸ ਦੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਘੋਖ ਕੀਤੀ ਜਾ ਰਹੀ ਹੈ। ਪੰਜਾਬ ਨੈਸ਼ਨਲ ਬੈਂਕ ਭਾਮ ਸ਼ਾਖਾ ਦੇ ਮੈਨੇਜਰ ਜਸਵੀਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਤੜਕੇ 2.40 ਵਜੇ ਅਤੇ ਕਾਰ ਵਿੱਚ ਆਏ ਲੁਟੇਰੇ ਏਟੀਐੱਮ ਵਿੱਚੋਂ 17 ਲੱਖ ਰੁਪਏ ਨਕਦੀ ਲੈ ਕੇ ਫਰਾਰ ਹੋ ਗਏ। ਪੁਲੀਸ ਨੇ ਦੱਸਿਆ ਕਿ ਲੁਟੇਰਿਆਂ ਦੀ ਗਿਣਤੀ ਬਾਰੇ ਹਾਲੇ ਪੁਸ਼ਟੀ ਨਹੀਂ ਹੋ ਸਕੀ। ਡੀਐੱਸਪੀ ਖੱਖ ਨੇ ਕਿਹਾ ਕਿ ਮਾਮਲੇ ਸਬੰਧੀ ਥਾਣਾ ਚੱਬੇਵਾਲ ਵਿੱਚ ਕੇਸ ਦਰਜ ਕਰ ਲਿਆ ਹੈ। -ਪੀਟੀਆਈ