ਸੰਤੋਖ ਗਿੱਲ
ਮੁੱਲਾਂਪੁਰ ਦਾਖਾ, 30 ਮਈ
ਅਦਬੀ ਦਾਇਰਾ ਮੁੱਲਾਂਪੁਰ ਅਤੇ ਗੁਰੂ ਤੇਗ਼ ਬਹਾਦਰ ਨੈਸ਼ਨਲ ਕਾਲਜ ਦਾਖਾ ਵੱਲੋਂ ਆਲੋਚਕ ਡਾ. ਸੁਖਦੇਵ ਸਿੰਘ ਸਿਰਸਾ ਨੂੰ ਸਾਹਿਤਿਆਰਥ ਅਤੇ ਕਥਾਕਾਰ ਗੁਰਮੀਤ ਕੜਿਆਲਵੀ ਨੂੰ ਪ੍ਰੋ. ਰਮਨ ਯਾਦਗਾਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰੂ ਤੇਗ਼ ਬਹਾਦਰ ਨੈਸ਼ਨਲ ਕਾਲਜ ਦਾਖਾ ਵਿੱਚ ਡਾ. ਸੁਰਜੀਤ ਭੱਟੀ, ਪ੍ਰਿੰਸੀਪਲ ਅਵਤਾਰ ਸਿੰਘ, ਸਮਾਗਮ ਦੇ ਮੁੱਖ ਮਹਿਮਾਨ ਬਲਦੇਵ ਸਿੰਘ ਸੜਕਨਾਮਾ ਅਤੇ ਰਣਧੀਰ ਸਿੰਘ ਸੇਖੋਂ ਅਧਾਰਿਤ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਹੋਏ ਸਮਾਗਮ ਵਿੱਚ ਸਾਹਿਤਕਾਰ ਰਾਮ ਸਿੰਘ ਅਤੇ ‘ਅਣੂ’ ਮੈਗਜ਼ੀਨ ਦੇ ਸੰਪਾਦਕ ਸੁਰਿੰਦਰ ਕੈਲੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਬਲਦੇਵ ਸਿੰਘ ਸੜਕਨਾਮਾ ਨੇ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਪ੍ਰਧਾਨਗੀ ਭਾਸ਼ਣ ਦੌਰਾਨ ਡਾ. ਸੁਰਜੀਤ ਭੱਟੀ ਨੇ ਪ੍ਰੋਫੈਸਰ ਰਮਨ ਦੀ ਸਾਹਿਤਕਾਰੀ ਅਤੇ ਸਪੱਸ਼ਟਗੋਈ ਬਾਰੇ ਚਾਨਣਾ ਪਾਇਆ। ਡਾ. ਸੁਖਦੇਵ ਸਿਰਸਾ ਦੀ ਸਾਹਿਤਕ ਦੇਣ ਬਾਰੇ ਉੱਘੇ ਚਿੰਤਕ ਸਵਰਨ ਸਿੰਘ ਵਿਰਕ ਨੇ ਗੱਲ ਕੀਤੀ। ਗੁਰਮੀਤ ਕੜਿਆਲਵੀ ਦੀ ਸਾਹਿਤਕ ਦੇਣ ਬਾਰੇ ਕਹਾਣੀਕਾਰ ਅਤੇ ਸਾਹਿਤਕਾਰ ਜਸਵੀਰ ਕਲਸੀ ਨੇ ਚਰਚਾ ਕੀਤੀ। ਪ੍ਰਿੰਸੀਪਲ ਸੰਤ ਸਿੰਘ ਸੇਖੋਂ ਅਤੇ ਪ੍ਰੋ. ਰਮਨ ਬਾਰੇ ਡਾ. ਜਤਿੰਦਰ ਸਿੰਘ ਨੇ ਯਾਦਗਾਰੀ ਭਾਸ਼ਣ ਕੀਤਾ। ਡਾ. ਸਿਰਸਾ ਬਾਰੇ ਸ਼ੋਭਾ-ਪੱਤਰ ਰਾਮਪੁਰ ਸਾਹਿਤ ਸਭਾ ਦੇ ਪ੍ਰਧਾਨ ਜਸਵੀਰ ਝੱਜ ਅਤੇ ਗੁਰਮੀਤ ਕੜਿਆਲਵੀ ਬਾਰੇ ਅਦਬੀ ਦਾਇਰਾ ਮੁੱਲਾਂਪੁਰ ਦੇ ਪ੍ਰਧਾਨ ਅਜੀਤ ਪਿਆਸਾ ਨੇ ਪੜ੍ਹਿਆ। ਕਵੀ ਦਰਬਾਰ ਵਿੱਚ ਹਰਬੰਸ ਮਾਲਵਾ, ਤਰਲੋਚਨ ਲੋਚੀ, ਪਰਮਿੰਦਰ ਅਲਬੇਲਾ, ਭੁਪਿੰਦਰ ਰਾਜਦੀਪ ਤੂਰ, ਪ੍ਰੋ. ਗੁਰਪ੍ਰੀਤ ਸਿੰਘ, ਦਰਸ਼ਨ ਬੋਪਾਰਾਏ, ਤਰਲੋਚਨ ਝਾਂਡੇ, ਨਵਕਿਰਨਪ੍ਰੀਤ ਕੌਰ, ਕੰਵਲ ਢਿੱਲੋਂ ਅਤੇ ਮਲਕੀਤ ਸਿੰਘ ਮਾਲੜਾ ਸਮੇਤ ਹੋਰ ਪਤਵੰਤੇ ਪ੍ਰੋ. ਨਵੀਨ, ਰਾਜਿੰਦਰ ਮੱਲ੍ਹਾ, ਭੁਪਿੰਦਰ ਸਿੰਘ ਧਾਲੀਵਾਲ, ਚਰਨ ਸਿੰਘ ਸਰਾਭਾ, ਕਿਸਾਨ ਆਗੂ ਚਮਕੌਰ ਸਿੰਘ ਬਰ੍ਹਮੀ, ਨਾਟਕਕਾਰ ਸੋਮਪਾਲ ਹੀਰਾ ਅਤੇ ਅਮਰਜੀਤ ਮੋਹੀ ਸ਼ਾਮਲ ਹੋਏ। ਅਦਬੀ ਦਾਇਰਾ ਮੁੱਲਾਂਪੁਰ ਵਿੱਚ ਹਰ ਸਾਲ ਇਹ ਸਮਾਗਮ ਕਰਵਾਉਂਦਾ ਹੈ।