ਨਿੱਜੀ ਪੱਤਰ ਪ੍ਰੇਰਕ
ਜਲੰਧਰ, 3 ਜੂਨ
ਸੰਯੁਕਤ ਰਾਸ਼ਟਰ ਦੇ ਵਾਤਾਵਰਨ ਪ੍ਰੋਗਰਾਮ ਤਹਿਤ ਪੰਜਾਬ ਦੀਆਂ ਦੋ ਵੱਡੀਆਂ ਧਾਰਮਿਕ ਸ਼ਖ਼ਸੀਅਤਾਂ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਪਦਮਸ੍ਰੀ ਸੰਤ ਸੇਵਾ ਸਿੰਘ ਖਡੂਰ ਸਾਹਿਬ ਨੂੰ ਵਾਤਾਵਰਨ ਦੇ ਖੇਤਰ ਵਿੱਚ ਕੀਤੀਆਂ ਬੇਮਿਸਾਲ ਪ੍ਰਾਪਤੀਆਂ ਸਦਕਾ `ਫੇਥ ਫਾਰ ਅਰਥ ਕੌਂਸਲਰ-2021` ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ ਦੇਸ਼ ਦੀਆਂ 18 ਸ਼ਖ਼ਸੀਅਤਾਂ ਤੇ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਹ ਪ੍ਰੋਗਰਾਮ ਆਨ-ਲਾਈਨ ਕਰਵਾਇਆ ਗਿਆ ਸੀ। ਇਸ ਮੌਕੇ ਕਾਰਜਕਾਰੀ ਡਾਇਰੈਕਟਰ ਯੂਨਾਈਟਡ ਰਿਲੀਜਨ ਇਨੀਸ਼ੀਏਟਿਵ ਸਵਾਮਨੀ ਆਦਿੱਤਿਆ ਨੰਦ ਸਰਸਵਤੀ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ 165 ਕਿਲੋਮੀਟਰ ਲੰਮੀ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਦਾ ਵਿਸ਼ੇਸ਼ ਜ਼ਿਕਰ ਕੀਤਾ। ਇਸ ਮੌਕੇ ਸੰਤ ਸੀਚੇਵਾਲ ਨੇ ਕਿਹਾ ਕਿ ਸੀਚੇਵਾਲ ਮਾਡਲ ਤਹਿਤ ਵਰਤੇ ਗਏ ਪਾਣੀ ਨੂੰ ਮੁੜ ਵਰਤੋਂ ਵਿੱਚ ਲਿਆਉਣ ਨਾਲ ਧਰਤੀ ਹੇਠਲੇ ਪਾਣੀ ਦੀ ਬਚਤ ਹੋਈ ਹੈ। ਸੰਯੁਕਤ ਰਾਸ਼ਟਰ ਵਾਤਾਵਰਨ ਦੇ ਭਾਰਤੀ ਦਫ਼ਤਰ ਦੇ ਮੁਖੀ ਅਤੁਲ ਬਗਾਏ ਨੇ ਆਨਲਾਈਨ ਸਮਾਗਮ ਵਿੱਚ ਹਿੱਸਾ ਲੈਂਦਿਆਂ ਕਿਹਾ ਕਿ ਕੋਵਿਡ ਵਰਗੀ ਮਹਾਮਾਰੀ ਕੁਦਰਤ ਦਾ ਇੱਕ ਸੰਦੇਸ਼ ਅਤੇ ਪਿਛਲੇ ਦਹਾਕਿਆਂ ਦੌਰਾਨ ਕੁਦਰਤ ਨਾਲ ਕੀਤੇ ਖਿਲਵਾੜ ਦਾ ਨਤੀਜਾ ਹੈ। ਇਸ ਮੌਕੇ ਡਾ. ਇਆਦ ਮੋਗਲੀ, ਆਰੁਸ਼ੀ ਨਿਸ਼ੰਕ ਅਤੇ ਹੋਰ ਬੁਲਾਰਿਆਂ ਨੇ ਵਾਤਾਵਰਨ ਪ੍ਰਦੂਸ਼ਣ ਦੀ ਗੰਭੀਰ ਸਥਿਤੀ ’ਤੇ ਚਿੰਤਾ ਜ਼ਾਹਰ ਕਰਦਿਆਂ ਹਵਾ, ਪਾਣੀ ਅਤੇ ਧਰਤੀ ਨੂੰ ਬਚਾਉਣ ਲਈ ਉਪਰਾਲੇ ਕਰਨ ਦਾ ਸੰਦੇਸ਼ ਦਿੱਤਾ।