ਬਹਾਦਰਜੀਤ ਸਿੰਘ
ਰੂਪਨਗਰ, 3 ਅਗਸਤ
ਸਮਾਜ ਭਲਾਈ ਅਤੇ ਸੱਭਿਆਚਾਰਕ ਕਲੱਬ ਇਲਾਕਾ ਘਾੜ ਵੱਲੋਂ ਅੱਜ ਪੰਚਾਇਤ ਯੂਨੀਅਨ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਿੰਦਰਖ ਦੇ ਸਹਿਯੋਗ ਨਾਲ ਘਾੜ ਇਲਾਕੇੇ ਦੀਆਂ ਚਾਰ ਸ਼ਖ਼ਸੀਅਤਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਬਦਲੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਸ਼ਖਸੀਅਤਾਂ ਵੱਚ ਉੱਘੇ ਲੇਖਕ ਜਸਵੀਰ ਸਿੰਘ ਮੰਡ, ਪੰਜਾਬ ਵਿਧਾਨ ਸਭਾ ਦੇ ਸਪੀਕਰ ਦੇ ਪੀਆਰਓ ਅਤੇ ਲੇਖਕ ਅਮਰਪਾਲ ਸਿੰਘ ਬੈਂਸ, ਡਾਕਟਰੀ ਕਿੱਤਾੇ ਵਿੱਚ ਸੇਵਾ ਕਰ ਰਹੇ ਡਾ. ਗੁਰਸੇਵਕ ਸਿੰਘ, ਸਮਾਜ ਸੇਵੀ ਸਤਪਾਲ ਸਿੰਘ ਦਾ ਨਾਮ ਸ਼ਾਮਲ ਹੈ। ਇਸ ਮੌਕੇ ਲੇਖਕ ਜਸਵੀਰ ਸਿੰਘ ਮੰਡ ਨੇ ਕਿਹਾ ਕਿ ਪੁਆਧ ਦੇ ਇਲਾਕਾ ਘਾੜ ਦੇ ਪਿੰਡ ਦਾ ਦੁੱਖ ਦਰਦ ਉਨ੍ਹਾਂ ਨੇ ਆਪਣੇ ਨਾਵਲਾਂ ਵਿੱਚ ਲਿਖਿਆ ਹੈ ਕਿਉਂਕਿ ਇਸ ਇਲਾਕੇ ਨਾਲ ਹਰੇਕ ਪੱਖ ਤੋਂ ਵਿਤਕਰਾ ਹੋਇਆ ਹੈ।
ਲੇਖਕ ਅਮਰਪਾਲ ਸਿੰਘ ਬੈਂਸ ਨੇ ਕਿਹਾ ਕਿ ਪਛੜੇ ਇਲਾਕੇ ਵਜੋਂ ਜਾਣ ਜਾਂਦੇ ਇਲਾਕਾ ਘਾੜ ਦੇ ਲੋਕਾਂ ਨੂੱ ਹੁਣ ਤੱਕ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਲੋਕਾ ਨੇ ਆਪਣੇ ਦਮ ’ਤੇ ਪੰਜਾਬੀ ਸੱਭਿਆਚਾਰ, ਸਾਹਿਤਕ ਗਤਵਿਧੀਆਂ ਅਤੇ ਸਮਾਜ ਸੇਵਾ ਆਦਿ ਦੇ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਨਾਮਣਾ ਖੱਟਿਆ ਹੈ, ਜਿਸ ਦਾ ਇਤਿਹਾਸ ਗਵਾਹ ਹੈ। ਕਲੱਬ ਦੇ ਪ੍ਰਧਾਨ ਉੱਘੇ ਸਮਾਜਸੇਵੀ ਸੁਖਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਸੰਸਥਾ ਵੱਲੋਂ ਪਹਿਲਾ ਵੀ ਚੱਲ ਰਹੀ ਕਰੋਨਾ ਮਹਾਮਾਰੀ ਵਿੱਚ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਵਾਲੇ ਮੁਲਾਜ਼ਮਾਂ ਤੇ ਸਮਾਜਸੇਵੀਆਂ ਦਾ ਸਨਮਾਨ ਕਰ ਚੁੱਕੀ ਤੇ ਕਰਦੀ ਰਹੇਗੀ।