ਜੁਪਿੰਦਰਜੀਤ ਸਿੰਘ
ਚੰਡੀਗੜ੍ਹ, 2 ਨਵੰਬਰ
ਅਣਖ ਖ਼ਾਤਰ ਕਤਲ ਕੀਤੀ ਕੈਨੇਡੀਅਨ ਨਾਗਰਿਕ ਜੱਸੀ ਦਾ ਪਤੀ ਮਿੱਠੂ 21 ਸਾਲਾਂ ਮਗਰੋਂ ਆਪਣੀ ਪਤਨੀ ਦੇ ਕਾਤਲਾਂ, ਜੋ ਰਿਸ਼ਤੇ ’ਚ ਜੱਸੀ ਦੀ ਮਾਂ ਤੇ ਮਾਮਾ ਲਗਦੇ ਹਨ, ਦੇ ਮੱਥੇ ਲੱਗਾ ਹੈ। ਸੰਗਰੂਰ ਦੀ ਕੋਰਟ ਵਿੱਚ 29 ਅਕਤੂਬਰ ਨੂੰ ਮਿੱਠੂ ਦੇ ਬਿਆਨ ਦਰਜ ਕੀਤੇ ਜਾਣ ਮੌਕੇ ਜੱਸੀ ਦੀ ਮਾਂ ਮਲਕੀਤ ਕੌਰ ਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਵੀ ਮੌਜੂਦ ਸਨ। ਦੋ ਘੰਟੇ ਦੇ ਕਰੀਬ ਚੱਲੀ ਸੁਣਵਾਈ ਦੌਰਾਨ ਮਿੱਠੂ ਨੇ ਵਧੀਕ ਸੈਸ਼ਨ ਜੱਜ ਸਮ੍ਰਿਤੀ ਧੀਰ ਅੱਗੇ ਆਪਣੇ ਬਿਆਨ ਦਰਜ ਕਰਵਾਏ। ਮਿੱਠੂ ਨੇ ਜੱਜ ਨੂੰ 1994 ਵਿੱਚ ਜੱਸੀ ਨਾਲ ਆਪਣੀ ਪਹਿਲੀ ਮੁਲਾਕਾਤ ਤੋਂ ਲੈ ਕੇ ਅਪਰੈਲ 1999 ’ਚ ਚੁਪ-ਚੁਪੀਤੇ ਵਿਆਹ ਕਰਵਾਉਣ ਤੇ ਮਗਰੋਂ ਜੱਸੀ ਦੀ ਮਾਂ ਤੇ ਮਾਮੇ ਵੱਲੋਂ ਕਥਿਤ ਸੁਪਾਰੀ ਦੇ ਕੇ ਧੀ ਦਾ ਕਤਲ ਕਰਵਾਉਣ ਤੇ ਕਾਤਲਾਨਾ ਹਮਲੇ ਮਗਰੋਂ ਉਸ (ਮਿੱਠੂ) ਨੂੰ ਮਰਿਆ ਹੋਇਆ ਸਮਝ ਕੇ ਖੇਤਾਂ ਵਿੱਚ ਸੁੱਟ ਜਾਣ ਦੀ ਸਾਰੀ ਹੱਡਬੀਤੀ ਬਿਆਨ ਕੀਤੀ। ਮਿੱਠੂ ਦੇ ਵਕੀਲ ਅਸ਼ਵਨੀ ਚੌਧਰੀ ਨੇ ਕਿਹਾ ਕਿ ਐੱਨਡੀਪੀਐੱਸ ਐਕਟ ਤਹਿਤ ਦਰਜ ਇਕ ਵੱਖਰੇ ਕੇਸ ਕਰਕੇ ਉਸ ਦਾ ਮੁਵੱਕਿਲ ਪਿਛਲੇ ਸਾਲ ਮਈ ਤੋਂ ਲੁਧਿਆਣਾ ਦੀ ਜੇਲ੍ਹ ਵਿੱਚ ਹੈ ਤੇ ਉਸ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਤਹਿਤ ਕੋਰਟ ਵਿੱਚ ਪੇਸ਼ ਕੀਤਾ ਗਿਆ। ਉਧਰ ਬਦੇਸ਼ਾ ਨੂੰ ਕਪੂਰਥਲਾ ਜੇਲ੍ਹ ਤੋਂ ਲਿਆਂਦਾ ਗਿਆ ਜਦੋਂਕਿ ਮਲਕੀਤ ਕੌਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਪਿਛਲੇ ਸਾਲ ਜ਼ਮਾਨਤ ਮਿਲ ਗਈ ਸੀ। ਮਿੱਠੂ ਖਿਲਾਫ਼ ਬਲਾਤਕਾਰ ਤੇ ਨਸ਼ਾ ਤਸਕਰੀ ਸਮੇਤ ਕੁੱਲ ਸੱਤ ਕੇਸ ਦਰਜ ਸਨ, ਜਿਨ੍ਹਾਂ ਵਿੱਚੋਂ ਛੇ ਵਿੱਚ ਉਹ ਬਰੀ ਹੋ ਚੁੱਕਾ ਹੈ। ਉਂਜ ਸੁਣਵਾਈ ਮੌਕੇ ਮਿੱਠੂ ਤੇ ਮੁਲਜ਼ਮਾਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਇਕ ਦੂਜੇ ਤੋਂ ਕਾਫ਼ੀ ਫਾਸਲੇ ’ਤੇ ਰੱਖਿਆ ਗਿਆ। ਚੌਧਰੀ ਨੇ ਕਿਹਾ ਕਿ ਮਿੱਠੂ ਨੇ ਮਲਕੀਤ ਕੌਰ ਤੇ ਬਦੇਸ਼ਾ ਦੀ ਸ਼ਨਾਖਤ ਕੀਤੀ। ਕੇਸ ਦੀ ਅਗਲੀ ਸੁਣਵਾਈ ਹੁਣ 3 ਨਵੰਬਰ ਨੂੰ ਹੋਵੇਗੀ ਤੇ ਬਚਾਅ ਪੱਖ ਦੇ ਵਕੀਲ ਮਿੱਠੂ ਤੋਂ ਸਵਾਲ ਕਰਨਗੇ।