ਜਲੰਧਰ (ਨਿੱਜੀ ਪੱਤਰ ਪ੍ਰੇਰਕ): ਐਨਫੋਰਸਮੈਂਟ ਆਫ ਡਾਇਰੈਕਟੋਰੇਟ (ਈਡੀ) ਨੇ ਅੱਜ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਦੇ ਦੋਸਤ ਕੁਦਰਤਦੀਪ ਸਿੰਘ ਉਰਫ਼ ਲੋਵੀ ਨੂੰ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਕੁਦਰਤ ਦੀਪ ਸਿੰਘ ਵਿਰੁੱਧ ਜ਼ਿਲ੍ਹਾ ਸੈਸ਼ਨ ਜੱਜ-ਕਮ-ਸਪੈਸ਼ਲ ਜੱਜ ਰੁਪਿੰਦਰਜੀਤ ਚਾਹਲ ਦੀ ਅਦਾਲਤ ਨੇ ਤਿੰਨ ਵਾਰ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ। ਇਸ ਮਾਮਲੇ ਦੀ ਪੈਰਵੀ ਕਰ ਰਹੇ ਈਡੀ ਦੇ ਵਕੀਲ ਨੇ ਕੁਦਰਤ ਦੀਪ ਸਿੰਘ ਦੀ ਗ੍ਰਿਫ਼ਤਾਰੀ ਬਾਰੇ ਪੁਸ਼ਟੀ ਕੀਤੀ ਹੈ। ਜ਼ਿਕਰਯੋਗ ਹੈ ਕਿ ਮਨੀ ਲਾਂਡਰਿੰਗ ਤੇ ਰੇਤ ਖਣਨ ਮਾਮਲੇ ਵਿੱਚ ਈਡੀ ਵੱਲੋਂ ਦਰਜ ਕੀਤੇ ਗਏ ਕੇਸ ਵਿੱਚ ਇਹ ਦੂਜੀ ਗ੍ਰਿਫ਼ਤਾਰੀ ਹੈ। ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜੋ ਇਸ ਵੇਲੇ ਕਪੂਰਥਲਾ ਜੇਲ੍ਹ ਵਿੱਚ ਬੰਦ ਹੈ।
ਇਹ ਵੀ ਦੱਸਣਯੋਗ ਹੈ ਕਿ ਕੁਦਰਤਦੀਪ ਸਿੰਘ ਨੇ 20 ਮਈ 2017 ਨੂੰ ਡਾਇਰੈਕਟੋਰੇਟ ਆਫ ਮਾਈਨਿੰਗ, ਇੰਡਸਟਰੀਜ਼ ਅਤੇ ਕਾਮਰਸ ਵਿਭਾਗ ਵੱਲੋਂ ਕਰਵਾਈ ਗਈ ਈ-ਨਿਲਾਮੀ ਵਿੱਚ ਹਿੱਸਾ ਲਿਆ ਸੀ ਤੇ ਨਵਾਂਸ਼ਹਿਰ ਇਲਾਕੇ ਦੇ ਮਲਿਕਪੁਰ ਵਿੱਚ ਰੇਤੇ ਦੀ ਖੱਡ ਲਈ ਐੱਚ-1 ਬੋਲੀਕਾਰ ਵਜੋਂ ਸਫ਼ਲਤਾਪੂਰਬਕ ਬੋਲੀ ਲਾਈ ਸੀ। ਜਾਣਕਾਰੀ ਅਨੁਸਾਰ ਇਸ ਰੇਤੇ ਦੀ ਖੱਡ ’ਚੋਂ ਰੇਤਾ ਕੱਢਣ ਲਈ ਪੋਕਲੇਨ ਮਸ਼ੀਨਾਂ ਦੀ ਵਰਤੋਂ ਕਰਕੇ ਮਾਈਨਿੰਗ ਐਕਟ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਸੀ।