ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 5 ਅਗਸਤ
ਭਾਰਤੀ ਹਾਕੀ ਟੀਮ ਵਿੱਚ ਮਾਝੇ ਦੇ ਪੰਜ ਖਿਡਾਰੀ ਸ਼ਾਮਲ ਹਨ। ਅੱਜ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜਿੱਤਣ ਮਗਰੋਂ ਇਨ੍ਹਾਂ ਖਿਡਾਰੀਆਂ ਦੇ ਪਿੰਡਾਂ ਵਿੱਚ ਵਿਆਹ ਵਰਗਾ ਮਾਹੌਲ ਬਣਿਆ ਰਿਹਾ।
ਭਾਰਤੀ ਹਾਕੀ ਟੀਮ ਵਿੱਚ ਚਾਰ ਖਿਡਾਰੀ ਅੰਮ੍ਰਿਤਸਰ ਅਤੇ ਇਕ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਹੈ। ਇਨ੍ਹਾਂ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਤੋਂ ਜੰਡਿਆਲਾ ਨੇੜੇ ਪਿੰਡ ਖਲਿਹਾਰਾ ਦਾ ਗੁਰਜੰਟ ਸਿੰਘ, ਬੁਤਾਲਾ ਤੋਂ ਦਿਲਪ੍ਰੀਤ ਸਿੰਘ, ਤਿੰਮੋਵਾਲ ਤੋਂ ਹਰਮਨਪ੍ਰੀਤ ਸਿੰਘ ਅਤੇ ਅਟਾਰੀ ਤੋਂ ਸ਼ਮਸ਼ੇਰ ਸਿੰਘ, ਜਦੋਂ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਚਾਹਲ ਕਲਾਂ ਤੋਂ ਸਿਮਰਨਜੀਤ ਸਿੰਘ ਸ਼ਾਮਲ ਹੈ। ਸਿਮਰਨਜੀਤ ਸਿੰਘ ਅਤੇ ਗੁਰਜੰਟ ਸਿੰਘ ਦੋਵੇਂ ਰਿਸ਼ਤੇਦਾਰ ਵੀ ਹਨ।
ਖਿਡਾਰੀ ਹਰਮਨਪ੍ਰੀਤ ਸਿੰਘ ਦੇ ਪਿੰਡ ਤਿੰਮੋਵਾਲ ਵਿੱਚ ਅੱਜ ਸਵੇਰੇ ਭਾਰਤੀ ਟੀਮ ਦੀ ਜਿੱਤ ਮਗਰੋਂ ਖੂਬ ਆਤਿਸ਼ਬਾਜ਼ੀ ਹੋਈ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਪਿੰਡ ਦੇ ਨੌਜਵਾਨਾਂ ਨੇ ਭੰਗੜੇ ਪਾਏ। ਹਰਮਨਪ੍ਰੀਤ ਸਿੰਘ ਦੇ ਪਿਤਾ ਸਰਬਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਅੱਜ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ। ਪਿੰਡ ਦੇ ਸਕੂਲ ਵਿੱਚ ਵੱਡੀ ਸਕਰੀਨ ਲਾ ਕੇ ਬੱਚਿਆਂ ਨੂੰ ਮੈਚ ਦਿਖਾਇਆ ਗਿਆ। ਉਨ੍ਹਾਂ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਬੇਟਾ ਹਾਕੀ ਖਿਡਾਰੀ ਜੁਗਰਾਜ ਸਿੰਘ ਤੋਂ ਪ੍ਰਭਾਵਿਤ ਹੈ, ਅੱਜ ਉਸ ਨੇ ਇਕ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕੀਤਾ ਹੈ। ਹਰਮਨਪ੍ਰੀਤ ਸਿੰਘ ਨੇ ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਹਾਸਲ ਕੀਤੀ ਅਤੇ ਬਾਅਦ ਵਿੱਚ ਉਸ ਨੇ ਜਲੰਧਰ ਦੀ ਸੁਰਜੀਤ ਅਕੈਡਮੀ ਵਿੱਚ ਦਾਖ਼ਲਾ ਲਿਆ।
ਹਾਕੀ ਖਿਡਾਰੀ ਦਿਲਪ੍ਰੀਤ ਸਿੰਘ ਦੇ ਪਿੰਡ ਬੁਤਾਲਾ ਵਿੱਚ ਵੀ ਅਜਿਹਾ ਹੀ ਮਾਹੌਲ ਹੈ। ਟੀਮ ਦੀ ਜਿੱਤ ਮਗਰੋਂ ਸਾਰੇ ਪਿੰਡ ਦਾ ਚੱਕਰ ਲਾਉਂਦਿਆਂ ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਨੇ ਲੱਡੂ ਵੰਡੇ। ਦਿਲਪ੍ਰੀਤ ਸਿੰਘ ਦੀ ਇਸ ਪ੍ਰਾਪਤੀ ’ਤੇ ਉਸ ਦਾ ਪਿਤਾ ਬਲਵਿੰਦਰ ਸਿੰਘ ਤੇ ਪਰਿਵਾਰ ਵਾਲੇ ਬਹੁਤ ਖੁਸ਼ ਹਨ। ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ। ਸਾਰੇ ਹੀ ਪਰਿਵਾਰ ਨੂੰ ਵਧਾਈਆਂ ਦੇ ਰਹੇ ਹਨ ਇੰਜ ਲੱਗ ਰਿਹੈ, ਜਿਵੇਂ ਮੁੰਡੇ ਦਾ ਵਿਆਹ ਹੋਵੇ।
ਗੁਰਜੰਟ ਸਿੰਘ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਗੁਰਜੰਟ ਹਾਕੀ ਦੇ ਨੈਸ਼ਨਲ ਖਿਡਾਰੀ ਅਤੇ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਹਰਦੇਵ ਸਿੰਘ ਤੋਂ ਬਹੁਤ ਪ੍ਰਭਾਵਿਤ ਹੈ। ਉਨ੍ਹਾਂ ਕਦੇ ਵੀ ਗੁਰਜੰਟ ਦੀ ਸਿਖਲਾਈ ਵਿੱਚ ਕੋਈ ਅੜਿੱਕਾ ਨਹੀਂ ਆਉਣ ਦਿੱਤਾ। ਖਿਡਾਰੀ ਦੀ ਪ੍ਰਾਪਤੀ ’ਤੇ ਪਿੰਡ ਵਾਲਿਆਂ ਨੂੰ ਫਖਰ ਹੈ।
ਗੁਰਜੰਟ ਸਿੰਘ ਦੇ ਘਰ ਵਧਾਈ ਦੇਣ ਵਾਲਿਆਂ ਦਾ ਲੱਗਿਆ ਤਾਂਤਾ
ਜੰਡਿਆਲਾ ਗੁਰੂ (ਸਿਮਰਤ ਪਾਲ ਸਿੰਘ ਬੇਦੀ): ਪਿੰਡ ਖਲਿਹਾਰਾ ਦਾ ਗੁਰਜੰਟ ਸਿੰਘ ਸ਼ਾਹ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਬਲਦੇਵ ਸਿੰਘ ਸ਼ਾਹ ਤੇ ਮਾਤਾ ਸੁਖਜਿੰਦਰ ਕੌਰ ਦਾ ਪੁੱਤਰ ਤੇ ਦੋ ਭੈਣਾਂ ਦਾ ਭਰਾ ਹੈ। ਉਸ ਦੇ ਪਿਤਾ ਬਲਦੇਵ ਸਿੰਘ ਸ਼ਾਹ ਨੇ ਦੱਸਿਆ ਗੁਰਜੰਟ ਨੇ ਮੁੱਢਲੀ ਪੜ੍ਹਾਈ ਗੁਰੂ ਕੀ ਬੇਰ ਤੋਂ ਅਤੇ ਫਿਰ ਪੰਜਵੀਂ ਜਮਾਤ ਤੱਕ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਾਹਬਾਦ ਹਾਕੀ ਦੀ ਅਕੈਡਮੀ ਵਿੱਚ ਪੜ੍ਹਿਆ। ਇਸ ਮਗਰੋਂ ਗੁਰਜੰਟ ਸਿੰਘ ਚੰਡੀਗੜ੍ਹ ਪੜ੍ਹਾਈ ਕਰਨ ਚਲਾ ਗਿਆ ਅਤੇ ਨਾਲ ਹਾਕੀ ਖੇਡਦਾ ਰਿਹਾ। ਉਨ੍ਹਾਂ ਕਿਹਾ ਕਿ ਗੁਰਜੰਟ ਸਿੰਘ ਗਰੈਜੂਏਸ਼ਨ ਤੱਕ ਪੜ੍ਹਾਈ ਕਰਦਿਆਂ ਉਥੋਂ ਹੀ ਲੀਗ ਖੇਡਿਆ ਅਤੇ ਉਸ ਦੀ ਹਾਕੀ ਜੂਨੀਅਰ ਟੀਮ ਵਿੱਚ ਚੋਣ ਹੋ ਗਈ ਅਤੇ ਉਸ ਨੇ 2016 ਵਾਲਾ ਜੂਨੀਅਰ ਵਰਡ ਕੱਪ ਖੇਡਿਆ। ਬਲਦੇਵ ਸਿੰਘ ਨੇ ਦੱਸਿਆ ਇਸ ਮਗਰੋਂ ਗੁਰਜੰਟ ਸਿੰਘ ਦੀ ਸੀਨੀਅਰ ਟੀਮ ਵਿੱਚ ਚੋਣ ਹੋ ਗਈ ਅਤੇ ਉਹ ਵੱਖ ਵੱਖ ਦੇਸ਼ਾਂ ਵਿੱਚ ਭਾਰਤੀ ਹਾਕੀ ਟੀਮ ਲਈ ਖੇਡਿਆ ਅਤੇ ਬਹੁਤ ਸਾਰੇ ਤਗ਼ਮੇ ਭਾਰਤ ਦੀ ਝੋਲੀ ਪਾਏ। ਟੋਕੀਓ ਓਲੰਪਿਕ ਵਿੱਚ ਤਗ਼ਮਾ ਜਿੱਤਣ ਦੀ ਖੁਸ਼ੀ ਵਿੱਚ ਹਾਕੀ ਖਿਡਾਰੀ ਗੁਰਜੰਟ ਸਿੰਘ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।