ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 26 ਜੁਲਾਈ
ਪੰਜਾਬ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ (ਪੁੱਡਾ) ਨੇ ਸੂਬੇ ਵਿੱਚ ਗਰੀਬ ਤੇ ਮੱਧ ਵਰਗੀ ਪਰਿਵਾਰਾਂ ਨੂੰ ਜਾਇਜ਼ ਕੀਮਤਾਂ ’ਤੇ ਮਕਾਨ ਉਪਲੱਬਧ ਕਰਵਾਉਣ ਲਈ ‘ਕਿਫ਼ਾਇਤੀ ਕਲੋਨੀ ਨੀਤੀ’ ਨੂੰ ਨੋਟੀਫਾਈ ਕੀਤਾ ਹੈ। ਇਹ ਨੀਤੀ ਪ੍ਰਮੋਟਰਾਂ ਨੂੰ ਛੋਟੇ ਰਿਹਾਇਸ਼ੀ ਪਲਾਟ ਅਤੇ ਫਲੈਟ ਬਣਾਉਣ ਲਈ ਉਤਸ਼ਾਹਿਤ ਕਰੇਗੀ ਤਾਂ ਜੋ ਆਰਥਿਕ ਪੱਖੋਂ ਗਰੀਬ ਲੋਕਾਂ ਨੂੰ ਕਿਫ਼ਾਇਤੀ ਕੀਮਤਾਂ ’ਤੇ ਪਲਾਟ ਅਤੇ ਮਕਾਨ ਮੁਹੱਈਆ ਕਰਵਾਏ ਜਾ ਸਕਣ।
ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ (ਪੁੱਡਾ) ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਸਰਕਾਰ ਨੇ ਕਿਫ਼ਾਇਤੀ ਕਲੋਨੀ ਨੀਤੀ ਤਿਆਰ ਕੀਤੀ ਹੈ। ਪੁੱਡਾ ਦੀ ਕਿਫ਼ਾਇਤੀ ਕਲੋਨੀ ਨੀਤੀ ਵਿਕਸਿਤ ਜਾਂ ਪ੍ਰਵਾਨਿਤ ਸਾਰੇ ਖੇਤਰਾਂ ਅਤੇ ਮਾਸਟਰ ਪਲਾਨਾਂ ਵਿੱਚ ਰਿਹਾਇਸ਼ੀ ਅਤੇ ਮਿਕਸਡ ਲੈਂਡ ਯੂਜ ਜ਼ੋਨਾਂ ’ਤੇ ਲਾਗੂ ਹੋਵੇਗੀ। ਇਹੀ ਨਹੀਂ ਮਾਸਟਰ ਪਲਾਨ ਤੋਂ ਬਾਹਰ ਸਥਿਤ ਮਿਉਂਸਪਲ ਦੀ ਹੱਦ ਅੰਦਰ 3 ਕਿੱਲੋਮੀਟਰ ਦੇ ਘੇਰੇ ਵਿੱਚ ਇਹ ਯੋਜਨਾ ਲਾਗੂ ਹੋਵੇਗੀ।
ਪੁੱਡਾ ਮੰਤਰੀ ਨੇ ਕਿਹਾ ਕਿ ਪਲਾਟ/ਮਿਕਸਡ ਪਲਾਟ ਕਲੋਨੀ ਲਈ ਘੱਟੋ ਘੱਟ 5 ਏਕੜ ਦੀ ਲੋੜ ਹੈ ਜਦੋਂਕਿ ਗਰੁੱਪ ਹਾਊਸਿੰਗ ਦੇ ਵਿਕਾਸ ਲਈ ਸਿਰਫ਼ 2 ਏਕੜ ਰਕਬੇ ਦੀ ਜ਼ਰੂਰਤ ਹੈ। ਮੁਹਾਲੀ ਦੇ ਮਾਸਟਰ ਪਲਾਨ ਅਧੀਨ ਖੇਤਰਾਂ ਲਈ ਘੱਟੋ ਘੱਟ 25 ਏਕੜ (ਪਲਾਟ/ਮਿਕਸਡ ਪਲਾਟ) ਅਤੇ 10 ਏਕੜ (ਗਰੁੱਪ ਹਾਊਸਿੰਗ) ਜਦੋਂਕਿ ਨਿਊ ਚੰਡੀਗੜ੍ਹ ਮਾਸਟਰ ਪਲਾਨ ਲਈ ਇਹੀ ਸ਼ਰਤ ਘੱਟੋ ਘੱਟ 100 ਏਕੜ ਅਤੇ 5 ਏਕੜ ਹੈ। ਕਿਫ਼ਾਇਤੀ ਮਕਾਨਾਂ ਦੀ ਉਸਾਰੀ ਲਈ ਪਲਾਟ ਦਾ ਵੱਧ ਤੋਂ ਵੱਧ ਸਾਈਜ਼ 150 ਵਰਗ ਗਜ਼ ਰੱਖਿਆ ਗਿਆ ਹੈ ਜਦੋਂਕਿ ਆਰਥਿਕ ਪੱਖੋਂ ਕਮਜ਼ੋਰ ਵਰਗ (ਈਡਬਲਯੂਐਸ) ਲਈ ਇਹ ਸਾਈਜ਼ 100 ਵਰਗ ਗਜ਼ ਹੋਵੇਗਾ।