ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 3 ਅਕਤੂਬਰ
ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰਾਂ ਨੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਦੀ ਮੁਕੰਮਲ ਜਾਂਚ ਰਿਪੋਰਟ ਜਨਤਕ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇ 18 ਅਕਤੂਬਰ ਤਕ ਇਸ ਮਾਮਲੇ ਵਿਚ ਕਾਰਵਾਈ ਨਾ ਹੋਈ ਤਾਂ ਇਹ ਮੈਂਬਰ ਸ਼੍ਰੋਮਣੀ ਕਮੇਟੀ ਐਕਟ ਮੁਤਾਬਕ ਕਾਰਵਾਈ ਕਰਨਗੇ।
ਇਸ ਪੱਤਰ ’ਤੇ ਸੇਵਾ ਸਿੰਘ ਸੇਖਵਾਂ, ਜਸਵੰਤ ਸਿੰਘ, ਬਾਬਾ ਗੁਰਮੀਤ ਸਿੰਘ, ਜੈਪਾਲ ਸਿੰਘ, ਮਹਿੰਦਰ ਸਿੰਘ ਹੁਸੈਨਪੁਰ, ਮਿੱਠੂ ਸਿੰਘ, ਹਰਪ੍ਰੀਤ ਸਿੰਘ, ਅਮਰੀਕ ਸਿੰਘ ਸ਼ਾਹਪੁਰ ਤੇ ਹੋਰਨਾਂ ਦੇ ਦਸਤਖਤ ਹਨ। ਇਨ੍ਹਾਂ ਮੈਂਬਰਾਂ ਨੇ ਅਲਟੀਮੇਟਮ ਦਿੱਤਾ ਕਿ ਰਿਪੋਰਟ ਜਨਤਕ ਨਾ ਕਰਨ ’ਤੇ ਉਹ ਕਾਨੂੰਨੀ ਕਾਰਵਾਈ ਲਈ ਮਜਬੂਰ ਹੋਣਗੇ। ਉਨ੍ਹਾਂ ਦੋਸ਼ ਲਾਇਆ ਕਿ ਮਈ 2016 ਵਿਚ ਅੱਗ ਲੱਗਣ ਅਤੇ ਪਾਣੀ ਦੀਆਂ ਬੌਛਾਰਾਂ ਨਾਲ ਪਾਵਨ ਸਰੂਪਾਂ ਦੇ ਹੋਏ ਨੁਕਸਾਨ ਬਾਰੇ ਸੰਗਤ ਨੂੰ ਗਲਤ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਲਾਪਤਾ ਸਰੂਪਾਂ ਦੇ ਮਾਮਲੇ ਵਿਚ ਵੀ ਦੋਸ਼ੀ ਪਾਏ ਗਏ ਕਰਮਚਾਰੀਆਂ ਅਤੇ ਅਧਿਕਾਰੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਸਗੋਂ ਪੁਲੀਸ ਕਾਰਵਾਈ ਕਰਨ ਦੇ ਫੈਸਲੇ ਤੋਂ ਵੀ ਟਾਲਾ ਵੱਟਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸਰੂਪ ਗਾਇਬ ਨਹੀਂ ਹੋਏ ਸਗੋਂ ਸੰਗਤ ਕੋਲ ਹੀ ਹਨ। ਇਸ ਸਬੰਧੀ ਜਥੇਬੰਦੀਆਂ ਜਾਂਚ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਕਰ ਰਹੀਆਂ ਹਨ ਪਰ ਹੁਣ ਤਕ ਜਾਂਚ ਰਿਪੋਰਟ ਜਨਤਕ ਨਹੀਂ ਕੀਤੀ ਗਈ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਦਫਤਰ ਬਾਹਰ ਧਰਨੇ ’ਤੇ ਬੈਠੇ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਦਾ ਧਰਨਾ 20ਵੇਂ ਦਿਨ ਵੀ ਜਾਰੀ ਰਿਹਾ। ਮੋਰਚੇ ਦੀ ਸੱਤ ਮੈਂਬਰੀ ਕਮੇਟੀ ਵਿਚ ਸ਼ਾਮਲ ਬਲਬੀਰ ਸਿੰਘ ਮੁੱਛਲ, ਦਿਲਬਾਗ ਸਿੰਘ, ਸੁਖਜੀਤ ਸਿੰਘ ਖੋਸਾ, ਬਰਜਿੰਦਰ ਸਿੰਘ ਪਰਵਾਨਾ, ਮਨਜੀਤ ਸਿੰਘ ਝਬਾਲ ਨੇ ਦੱਸਿਆ ਕਿ ਮੋਰਚੇ ਨੂੰ ਲਗਾਤਾਰ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਮਜੀਠਾ ਰੋਡ ਤੋਂ ਨੌਜਵਾਨ ਮਾਰਚ ਕਰਦੇ ਹੋਏ ਮੋਰਚੇ ਵਿਚ ਸ਼ਾਮਲ ਹੋਏ।